Wednesday 4 September 2013

Sukhmani Sahib (19-20)



ਸਲੋਕੁ ॥
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥ {ਪੰਨਾ ੨੮੮}


ਪਦ ਅਰਥ : -
ਬਿਖਿਆਮਾਇਆ । ਸਗਲੀਸਾਰੀ । ਛਾਰੁਸੁਆਹ । ਸਾਰੁਸ੍ਰੇਸ਼ਟ, ਚੰਗਾ ।

ਅਰਥ :—
(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ । ਹੇ ਨਾਨਕ ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ।੧।


ਅਸਟਪਦੀ ॥
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ ਏਕੁ ਸਿਮਰਿ ਨਾਮ ਆਧਾਰੁ ॥
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ਚਰਨ ਕਮਲ ਰਿਦ ਮਹਿ ਉਰਿਧਾਰਹੁ
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ ਸੰਤ ਜਨਾ ਕਾ ਨਿਰਮਲ ਮੰਤ ॥
ਏਕੁ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥੧॥ {ਪੰਨਾ ੨੮੮}


ਪਦ ਅਰਥ :
ਆਧਾਰੁਆਸਰਾ ਅਵਰਿਹੋਰ (ਫਲ.) । ਉਪਾਵਇਲਾਜ, ਹੀਲੇ । ਸਭਿਸਾਰੇ । ਮੀਤਹੇ ਮਿਤ੍ਰ ! ਚਰਨ ਕਮਲਕਮਲ ਫੁੱਲ ਵਰਗੇ ਕੋਮਲ ਚਰਨ । ਉਰਿ ਧਾਰਹੁਅੰਦਰ ਟਿਕਾਵੋ । ਦ੍ਰਿੜੁਪੱਕਾ । ਗਹਹੁਫੜੋ । ਵਥੁਚੀਜ਼ । ਸੰਚਹੁਇਕੱਠਾ ਕਰਹੁ । ਭਗਵੰਤਭਾਗਾਂ ਵਾਲੇ । ਮੰਤਉਪਦੇਸ਼, ਸਿੱਖਿਆ । ਮਨ ਮਾਹਿਮਨ ਵਿਚ । ਉਰਿਹਿਰਦੇ ਵਿਚ ।


ਅਰਥ :
ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ, ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ) ।

ਹੇ ਮਿਤ੍ਰ ! ਹੋਰ ਸਾਰੇ ਹੀਲੇ ਛੱਡ ਦਿਉ ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ ।

ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ, ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ ।

(ਹੇ ਭਾਈ !) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ, ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ ।

ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ, ਹੇ ਨਾਨਕ ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ।੧।


ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ ਸੋ ਧਨੁ ਹਰਿ ਸੇਵਾ ਤੇ ਪਾਵਹਿ ॥
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ਸੋ ਸੁਖੁ ਸਾਧੂ ਸੰਗਿ ਪਰੀਤਿ ॥
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ ਸਾ ਸੋਭਾ ਭਜੁ ਹਰਿ ਕੀ ਸਰਨੀ ॥
ਅਨਿਕ ਉਪਾਵੀ ਰੋਗੁ ਨ ਜਾਇ ॥ ਰੋਗੁ ਮਿਟੈ ਹਰਿ ਅਵਖਧੁ ਲਾਇ ॥
ਸਰਬ ਨਿਧਾਨ ਮਹਿ ਹਰਿਨਾਮੁ ਨਿਧਾਨੁ ॥ ਜਪਿ ਨਾਨਕ ਦਰਗਹ ਪਰਵਾਨੁ ॥੨॥ {ਪੰਨਾ ੨੮੮}


ਪਦ ਅਰਥ :
ਜਿਸੁ ਧਨ ਕਉਜਿਸ ਧਨ ਦੀ ਖ਼ਾਤਰ । ਕੁੰਟਪਾਸੇ, ਤਰਫ਼ । ਧਾਵਹਿਦੌੜਦਾ ਹੈਂ । ਬਾਛਹਿਚਾਹੁੰਦਾ ਹੈਂ । ਮੀਤਹੇ ਮਿਤ੍ਰ ! ਪਰੀਤਿਪਿਆਰ (ਕਰਨ ਨਾਲ) । ਕਰਨੀਕੰਮ । ਭਜੁਜਾਹ, ਪਉ । ਉਪਾਵੀਉਪਾਵਾਂ ਨਾਲ, ਹੀਲਿਆਂ ਨਾਲ । ਅਵਖਧੁਦਵਾਈ । ਨਿਧਾਨਖ਼ਜ਼ਾਨੇ ।

ਅਰਥ :
(ਹੇ ਮਿਤ੍ਰ !) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ ।

ਹੇ ਮਿਤ੍ਰ ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ, ਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ) ।

ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ, ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ ।

(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ ।

ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ । ਹੇ ਨਾਨਕ ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ।੨।


ਮਨੁ ਪਰਬੋਧਹੁ ਹਰਿ ਕੈ ਨਾਇ ॥ ਦਹ ਦਿਸਿ ਧਾਵਤ ਆਵੈ ਠਾਇ ॥
ਤਾ ਕਉ ਬਿਘਨੁ ਨ ਲਾਗੈ ਕੋਇ ॥ ਜਾ ਕੈ ਰਿਦੈ ਬਸੈ ਹਰਿ ਸੋਇ ॥
ਕਲਿ ਤਾਤੀ ਠਾਢਾ ਹਰਿ ਨਾਉ ॥ ਸਿਮਰਿ ਸਿਮਰਿ ਸਦਾ ਸੁਖ ਪਾਉ ॥
ਭਉ ਬਿਨਸੈ ਪੂਰਨ ਹੋਇ ਆਸ ॥ ਭਗਤਿ ਭਾਇ ਆਤਮ ਪਰਗਾਸ ॥
ਤਿਤੁ ਘਰਿ ਜਾਇ ਬਸੈ ਅਬਿਨਾਸੀ ॥ ਕਹੁ ਨਾਨਕ ਕਾਟੀ ਜਮ ਫਾਸੀ ॥੩॥ {ਪੰਨਾ ੨੮੮}


ਪਦ ਅਰਥ :
ਪਰਬੋਧਹੁਜਗਾਉ । ਨਾਇਨਾਮ ਨਾਲ । ਦਹ ਦਿਸਿਦਸੀਂ ਪਾਸੀਂ । ਧਾਵਤਦੌੜਦਾ । ਠਾਇਟਿਕਾਣੇ ਤੇ । ਤਾ ਕਉਉਸ ਨੂੰ । ਬਿਘਨੁਰੁਕਾਵਟ । ਤਾਤੀਤੱਤੀ (ਅੱਗ) । ਠਾਢਾਠੰਡਾ, ਸੀਤਲ । ਬਿਨਸੈਨਾਸ ਹੋ ਜਾਂਦਾ ਹੈ । ਭਗਤਿ ਭਾਇਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ । ਤਿਤੁ ਘਰਿਉਸ (ਹਿਰਦੇ) ਘਰ ਵਿਚ ।


ਅਰਥ :
(ਹੇ ਭਾਈ ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ, (ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ

ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ ।

ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ, ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ;

(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ) (ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ । (ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ । ਹੇ ਨਾਨਕ ! ਆਖ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।੩।


ਤਤੁ ਬਿਚਾਰੁ ਕਹੈ ਜਨੁ ਸਾਚਾ ॥ ਜਨਮਿ ਮਰੈ ਸੋ ਕਾਚੋ ਕਾਚਾ ॥
ਆਵਾਗਵਨੁ ਮਿਟੈ ਪ੍ਰਭ ਸੇਵ ॥ ਆਪੁ ਤਿਆਗਿ ਸਰਨਿ ਗੁਰਦੇਵ ॥
ਇਉ ਰਤਨ ਜਨਮ ਕਾ ਹੋਇ ਉਧਾਰੁ ॥ ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
ਅਨਿਕ ਉਪਾਵ ਨ ਛੂਟਨਹਾਰੇ ॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
ਹਰਿ ਕੀ ਭਗਤਿ ਕਰਹੁ ਮਨੁ ਲਾਇ ॥ ਮਨਿ ਬੰਛਤ ਨਾਨਕ ਫਲ ਪਾਇ ॥੪॥ {ਪੰਨਾ ੨੮੮}


ਪਦ ਅਰਥ :
ਤਤੁ - ਅਕਾਲ ਪੁਰਖ ਸਾਚਾਸੱਚਾ, ਸਚ ਮੁਚ (ਸੇਵਕ) । ਜਨਮਿ ਮਰੈਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ । ਕਾਚੋ ਕਾਚਾਕੱਚਾ ਹੀ ਕੱਚਾ । ਆਵਾਗਵਨੁਜਨਮ ਮਰਨ ਦਾ ਗੇੜ । ਸੇਵਸੇਵਾ । ਆਪੁਆਪਾ-ਭਾਵ ਰਤਨ ਜਨਮਕੀਮਤੀ ਮਨੁੱਖਾ ਜਨਮ । ਮਨਿ ਬੰਛਤਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ । ਮਨਿਮਨ ਵਿਚ ।


ਅਰਥ :
ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ, ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ ।

ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;

ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ (ਤਾਂ ਤੇ, ਹੇ ਭਾਈ !) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ ।

ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਤੇ ਇਹੋ ਜਿਹੇ) ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;

ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ । (ਜੋ ਭਗਤੀ ਕਰਦਾ ਹੈ) ਹੇ ਨਾਨਕ ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ।੪।


ਸੰਗਿ ਨ ਚਾਲਸਿ ਤੇਰੈ ਧਨਾ ॥ ਤੂੰ ਕਿਆ ਲਪਟਾਵਹਿ ਮੂਰਖ ਮਨਾ ॥
ਸੁਤ ਮੀਤ ਕੁਟੰਬ ਅਰੁ ਬਨਿਤਾ ॥ ਇਨ ਤੇ ਕਰਹੁ ਤੁਮ ਕਵਨ ਸਨਾਥਾ ॥
ਰਾਜ ਰੰਗ ਮਾਇਆ ਬਿਸਥਾਰ ॥ ਇਨ ਤੇ ਕਹਹੁ ਕਵਨ ਛੁਟਕਾਰ ॥
ਅਸੁ ਹਸਤੀ ਰਥ ਅਸਵਾਰੀ ॥ ਝੂਠਾ ਡੰਫੁ ਝੂਠੁ ਪਾਸਾਰੀ ॥
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ {ਪੰਨਾ ੨੮੮}


ਪਦ ਅਰਥ :
ਕਿਆ ਲਪਟਾਵਹਿਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ ? ਸੁਤਪੁੱਤਰ । ਕੁਟੰਬਪਰਵਾਰ । ਬਨਿਤਾਇਸਤ੍ਰੀ । ਇਨ ਤੇਇਹਨਾਂ ਵਿਚੋਂ । ਸਨਾਥਾਖਸਮ ਵਾਲਾ । ਛੁਟਕਾਰਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ । ਕਹਹੁਦੱਸੋ । ਅਸੁਘੋੜੇ । ਹਸਤੀਹਾਥੀ । ਡੰਫੁਦਿਖਾਵਾ । ਪਾਸਾਰੀ—(ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ । ਬਿਗਾਨਾਬੇ-ਗਿਆਨਾ, ਮੂਰਖ ।

ਅਰਥ :
ਹੇ ਮੂਰਖ ਮਨ ! ਧਨ ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ ?

ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ ?

ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ ?

ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ ।

ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ, ਨਾਮ ਨੂੰ ਭੁਲਾ ਕੇ, ਹੇ ਨਾਨਕ ! (ਆਖ਼ਰ) ਪਛੁਤਾਉਂਦਾ ਹੈ ।੫।


ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮਾਰੋ ਚੀਤੁ ॥
ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥
ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥ {ਪੰਨਾ ੨੮੮-੨੮੯}


ਪਦ ਅਰਥ :—
ਇਆਨੇਹੇ ਅੰਞਾਣ ! ਬਹੁ ਸਿਆਨੇਕਈ ਸਿਆਣੇ ਬੰਦੇ । ਕਿਲਬਿਖਪਾਪ । ਸੁਨਤਸੁਣਦਿਆਂ । ਰਹਤਰਹਿੰਦਿਆਂ, ਭਾਵ ਉੱਤਮ ਜ਼ਿੰਦਗੀ ਬਣਾ ਕੇ । ਗਤਿਉੱਚੀ ਅਵਸਥਾ । ਸਾਰਸ੍ਰੇਸ਼ਟ, ਸਭ ਤੋਂ ਚੰਗੀ । ਭੂਤਪਦਾਰਥ, ਚੀਜ਼ । ਸਹਜਿਆਤਮਕ ਅਡੋਲਤਾ ਵਿਚ । ਸੁਬਾਇਪ੍ਰੇਮ ਨਾਲ ।


ਅਰਥ :
ਹੇ ਅੰਞਾਣ ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ) ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ ।

ਹੇ ਮਿਤ੍ਰ ਮਨ ! ਪ੍ਰਭੂ ਦੀ ਭਗਤੀ ਕਰ, ਇਸ ਤਰ੍ਹਾਂ ਤੇਰੀ ਸੁਰਤਿ ਪਵਿਤ੍ਰ ਹੋਵੇਗੀ

(ਹੇ ਭਾਈ !) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ, ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ;

(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ, (ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ ।

ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ; (ਤਾਂ ਤੇ) ਹੇ ਨਾਨਕ ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ।੬।

ਗੁਨ ਗਾਵਤ ਤੇਰੀ ਉਤਰਸਿ ਮੈਲੁ ॥ ਬਿਨਸਿ ਜਾਇ ਹਉਮੈ ਬਿਖੁ ਫੈਲੁ ॥
ਹੋਹਿ ਅਚਿੰਤੁ ਬਸੈ ਸੁਖ ਨਾਲਿ ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥
ਛਾਡਿ ਸਿਆਨਪ ਸਗਲੀ ਮਨਾ ॥ ਸਾਧ ਸੰਗਿ ਪਾਵਹਿ ਸਚੁ ਧਨਾ ॥
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥ ਈਹਾ ਸੁਖੁ ਦਰਗਹ ਜੈਕਾਰੁ ॥
ਸਰਬ ਨਿਰੰਤਰਿ ਏਕੋ ਦੇਖੁ ॥ ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥ {ਪੰਨਾ ੨੮੯}


ਪਦ ਅਰਥ :
ਬਿਖੁਜ਼ਹਰ, ਵਿਹੁ । ਫੈਲੁਖਿਲਾਰਾ, ਫੈਲਾਉ । ਅਚਿੰਤੁਬੇ-ਫ਼ਿਕਰ । ਸਾਸਿਸਾਹ ਦੇ ਨਾਲ । ਗ੍ਰਾਸਿਗ੍ਰਾਹੀ ਦੇ ਨਾਲ । ਸਚੁ ਧਨਾਸੱਚਾ ਧਨ, ਸਦਾ ਨਿਭਣ ਵਾਲਾ ਧਨ ਸੰਚਿਇਕੱਠੀ ਕਰ । ਬਿਉਹਾਰੁਵਪਾਰ । ਈਹਾਇਸ ਜਨਮ ਵਿਚ । ਜੈਕਾਰੁਸਦਾ ਦੀ ਜਿੱਤ, ਜੀ-ਆਇਆਂ, ਆਦਰ । ਸਰਬ ਨਿਰੰਤਰਿਸਭ ਦੇ ਅੰਦਰ । ਜਾ ਕੈ ਮਸਤਕਿਜਿਸ ਦੇ ਮੱਥੇ ਤੇ ।


ਅਰਥ :
(ਹੇ ਭਾਈ !) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ, ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ

ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ, ਬੇਫ਼ਿਕਰ ਹੋ ਜਾਹਿéਗਾ ਤੇ ਸੁਖੀ ਜੀਵਨ ਬਿਤੀਤ ਹੋਵੇਗਾ ।

ਹੇ ਮਨ ! ਸਾਰੀ ਚਤੁਰਾਈ ਛੱਡ ਦੇਹ, ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ ।

ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ । ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ

ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ, (ਪਰ) ਹੇ ਨਾਨਕ ! ਆਖ—(ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ।੭।


ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥
ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥
ਏਕੋ ਏਕੁ ਏਕੁ ਹਰਿ ਆਪਿ ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ
ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥ {ਪੰਨਾ ੨੮੯}


ਪਦ ਅਰਥ :
ਏਕੋਇਕ ਪ੍ਰਭੂ ਨੂੰ ਹੀ । ਮਨਹੇ ਮਨ ! ਆਹਿਚਾਹ ਕਰ, ਤਾਂਘ ਰੱਖ । ਅਨੰਤਬੇਅੰਤ । ਭਗਵੰਤਭਗਵਾਨ । ਬਿਆਪਿ ਰਹਿਓਸਭ ਵਿਚ ਵੱਸ ਰਿਹਾ ਹੈ । ਪਰਾਛਤਪਾਪਰਾਤਾਰੱਤਾ ਹੋਇਆ, ਰਸਿਆ ਹੋਇਆ ।


ਅਰਥ :
ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ, ਇਕ ਨੂੰ ਸਿਮਰ, ਤੇ, ਹੇ ਮਨ ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ ।

ਇਕ ਪ੍ਰਭੂ ਦੇ ਹੀ ਗੁਣ ਗਾ, ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ ।

(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ, ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ ।

(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ, ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ ।

ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ, ਹੇ ਨਾਨਕ ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ।੮।੧੯।

20-1


ਸਲੋਕੁ ॥
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥ {ਪੰਨਾ ੨੮੯}


ਪਦ ਅਰਥ :
ਪ੍ਰਭਹੇ ਪ੍ਰਭੂ ! ਪਰਿਆਪਿਆ ਹਾਂ । ਤਉ ਸਰਨਾਇਤੇਰੀ ਸਰਨ । ਪ੍ਰਭਹੇ ਪ੍ਰਭ ! ਲਾਇਜੋੜ ।

ਅਰਥ :
ਹੇ ਪ੍ਰਭੂ ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ । ਹੇ ਪ੍ਰਭੂ ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ।੧।


ਅਸਟਪਦੀ
ਜਾਚਕ ਜਨੁ ਜਾਚੈ ਪ੍ਰਭ ਦਾਨੁ ॥ ਕਰਿ ਕਿਰਪਾ ਦੇਵਹੁ ਹਰਿ ਨਾਮੁ ॥
ਸਾਧ ਜਨਾ ਕੀ ਮਾਗਉ ਧੂਰਿ ॥ ਪਾਰਬ੍ਰਹਮ ਮੇਰੀ ਸਰਧਾ ਪੂਰਿ ॥
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥
ਚਰਨ ਕਮਲ ਸਿਉ ਲਾਗੈ ਪ੍ਰੀਤਿ ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥
ਏਕ ਓਟ ਏਕੋ ਆਧਾਰੁ ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥ {ਪੰਨਾ ੨੮੯}


ਪਦ ਅਰਥ :
ਜਾਚਕ ਜਨੁਮੰਗਤਾ ਮਨੁੱਖ । ਜਾਚੈਮੰਗਦਾ ਹੈ । ਧੂਰਿਧੂੜ ਮਾਗਉਮੈਂ ਮੰਗਦਾ ਹਾਂ । ਪਾਰਬ੍ਰਹਮਹੇ ਪਾਰਬ੍ਰਹਮ ! ਸਰਧਾਇੱਛਾ । ਪੂਰਿਪੂਰੀ ਕਰ । ਗਾਵਉਮੈਂ ਗਾਵਾਂ । ਨਿਤ ਨੀਤਿਸਦਾ ਹੀ । ਨਾਨਕੁ ਮਾਗੈਨਾਨਕ ਮੰਗਦਾ ਹੈ । ਨਾਮੁ ਪ੍ਰਭ ਸਾਰੁਪ੍ਰਭ ਸਾਰੁ ਨਾਮੁ, ਪ੍ਰਭੂ ਦਾ ਸ੍ਰੇਸ਼ਟ ਨਾਮ ।

ਅਰਥ :
ਹੇ ਪ੍ਰਭੂ ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ; ਹੇ ਹਰੀ ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ ।

ਹੇ ਪਾਰਬ੍ਰਹਮ ! ਮੇਰੀ ਇੱਛਾ ਪੂਰੀ ਕਰ, ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ ।

ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ । ਹੇ ਪ੍ਰਭੂ ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ ।

ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ ।

(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ, ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ।੧।


ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥ ਹਰਿ ਰਸੁ ਪਾਵੈ ਬਿਰਲਾ ਕੋਇ ॥
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥ ਪੂਰਨ ਪੁਰਖ ਨਹੀ ਡੋਲਾਨੇ ॥
ਸੁਭਰ ਭਰੇ ਪ੍ਰੇਮ ਰਸ ਰੰਗਿ ॥ ਉਪਜੈ ਚਾਉ ਸਾਧ ਕੈ ਸੰਗਿ ॥
ਪਰੇ ਸਰਨਿ ਆਨ ਸਭ ਤਿਆਗਿ ॥ ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥
ਬਡਭਾਗੀ ਜਪਿਆ ਪ੍ਰਭੁ ਸੋਇ ॥ ਨਾਨਕ ਨਾਮਿ ਰਤੇ ਸੁਖੁ ਹੋਇ ॥੨॥ {ਪੰਨਾ ੨੮੯}


ਪਦ ਅਰਥ :—
ਤ੍ਰਿਪਤਾਨੇਰੱਜੇ ਹੋਏ, ਮਾਇਆ ਵਲੋਂ ਬੇ-ਪਰਵਾਹ । ਸੁਭਰਨਕਾ-ਨਕ । ਪ੍ਰੇਮ ਰਸ ਰੰਗਿਪ੍ਰੇਮ ਦੇ ਸੁਆਦ ਦੀ ਮੌਜ ਵਿਚ । ਆਨਹੋਰ । ਤਿਆਗਿਛੱਡ ਕੇ ਪ੍ਰਗਾਸਚਾਨਣ । ਅਨਦਿਨੁਹਰ ਰੋਜ਼, ਹਰ ਵੇਲੇ । ਨਾਮਿ ਰਤੇਨਾਮ ਵਿਚ ਰੰਗੇ ਹੋਏ ਨੂੰ ।

ਅਰਥ :
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ, (ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ ।

ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ, ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ;

ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ, ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ;

ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ।

ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ । ਹੇ ਨਾਨਕ ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ।੨।


ਸੇਵਕ ਕੀ ਮਨਸਾ ਪੂਰੀ ਭਈ ॥ ਸਤਿਗੁਰ ਤੇ ਨਿਰਮਲ ਮਤਿ ਲਈ ॥
ਜਨ ਕਉ ਪ੍ਰਭੁ ਹੋਇਓ ਦਇਆਲੁ ॥ ਸੇਵਕੁ ਕੀਨੋ ਸਦਾ ਨਿਹਾਲੁ ॥
ਬੰਧਨ ਕਾਟਿ ਮੁਕਤਿ ਜਨੁ ਭਇਆ ॥ ਜਨਮ ਮਰਨ ਦੂਖੁ ਭ੍ਰਮੁ ਗਇਆ
ਇਛ ਪੁੰਨੀ ਸਰਧਾ ਸਭ ਪੂਰੀ ॥ ਰਵਿ ਰਹਿਆ ਸਦ ਸੰਗਿ ਹਜੂਰੀ ॥
ਜਿਸ ਕਾ ਸਾ ਤਿਨਿ ਲੀਆ ਮਿਲਾਇ ॥ ਨਾਨਕ ਭਗਤੀ ਨਾਮਿ ਸਮਾਇ ॥੩॥ {ਪੰਨਾ ੨੮੯}


ਪਦ ਅਰਥ :
ਮਨਸਾਮਨ ਦੀ ਇੱਛਾ । ਮਤਿਸਿੱਖਿਆ । ਜਨ ਕਉਆਪਣੇ ਸੇਵਕ ਨੂੰ । ਨਿਹਾਲੁਪ੍ਰਸੰਨ, ਖ਼ੁਸ਼ । ਭ੍ਰਮੁਭਰਮ, ਭੁਲੇਖਾ, ਸਹਸਾ । ਰਵਿ ਰਹਿਆਸਭ ਥਾਈਂ ਮੌਜੂਦ । ਸਦਸਦਾ । ਸੰਗਿਨਾਲ । ਹਜੂਰੀਅੰਗ-ਸੰਗ । ਸਾਸੀ, ਬਣਿਆ । ਤਿਨਿਉਸ ਪ੍ਰਭੂ ਨੇ ।

ਅਰਥ :
(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ (ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ);

ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ, ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ;

ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ, ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ ।

ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ, ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ ।

ਹੇ ਨਾਨਕ ! ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ।੩।


ਸੋ ਕਿਉ ਬਿਸਰੈ ਜਿ ਘਾਲ ਨਾ ਭਾਨੈ ॥ ਸੋ ਕਿਉ ਬਿਸਰੈ ਜਿ ਕੀਆ ਜਾਨੈ ॥
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ ਸੋ ਕਿਉ ਬਿਸਰੈ ਜਿ ਜੀਵਨ ਜੀਆ ॥
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ ਜਨਮ ਜਨਮ ਕਾ ਟੂਟਾ ਗਾਢੈ
ਗੁਰਿ ਪੂਰੈ ਤਤੁ ਇਹੈ ਬੁਝਾਇਆ ॥ ਪ੍ਰਭੁ ਅਪਨਾ ਨਾਨਕ ਜਨ ਧਿਆਇਆ ੪॥ {ਪੰਨਾ ੨੯੦}


ਪਦ ਅਰਥ :
ਸੋਉਹ ਪ੍ਰਭੂ । ਘਾਲਮੇਹਨਤ । ਨ ਭਾਨੈਨਹੀਂ ਭੰਨਦਾ, ਅਜਾਈਂ ਨਹੀਂ ਜਾਣ ਦੇਂਦਾ । ਕੀਆਕੀਤਾ, ਕੀਤੀ ਹੋਈ ਕਮਾਈ । ਜਾਨੈਚੇਤੇ ਰੱਖਦਾ ਹੈ । ਜੀਵਨ ਜੀਆ—(ਜੀਵਾਂ ਦੀ) ਜ਼ਿੰਦਗੀ ਦਾ ਆਸਰਾ । ਅਗਨਿ—(ਮਾਂ ਦੇ ਪੇਟ ਦੀ) ਅੱਗ ਲਾਖੈਸਮਝਦਾ ਹੈ । ਬਿਖੁਮਾਇਆ ਦੀ ਵਿਹੁ । ਗੁਰਿ ਪੂਰੈਪੂਰੇ ਗੁਰੂ ਨੇ । ਤਤੁਅਸਲੀਅਤ । ਜਨਜਨਾਂ ਨੇ, ਸੇਵਕਾਂ ਨੇ ।

ਅਰਥ :
(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ ?

ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ, ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ?

ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ ? (ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ ।

ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ ?

(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ, ਹੇ ਨਾਨਕ ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ।੪।


ਸਾਜਨ ਸੰਤ ਕਰਹੁ ਇਹੁ ਕਾਮੁ ॥ ਆਨ ਤਿਆਗਿ ਜਪਹੁ ਹਰਿ ਨਾਮੁ ॥
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ
ਭਗਤਿ ਭਾਇ ਤਰੀਐ ਸੰਸਾਰੁ ॥ ਬਿਨੁ ਭਗਤੀ ਤਨੁ ਹੋਸੀ ਛਾਰੁ ॥
ਸਰਬ ਕਲਿਆਣ ਸੂਖ ਨਿਧਿ ਨਾਮੁ ॥ ਬੂਡਤ ਜਾਤ ਪਾਏ ਬਿਸ੍ਰਾਮੁ ॥
ਸਗਲ ਦੂਖ ਕਾ ਹੋਵਤ ਨਾਸੁ ॥ ਨਾਨਕ ਨਾਮੁ ਜਪਹੁ ਗੁਨਤਾਸੁ ॥੫॥ {ਪੰਨਾ ੨੯੦}


ਪਦ ਅਰਥ :—
ਆਨਹੋਰ । ਤਿਆਗਿਛੱਡ ਕੇ । ਅਵਰਹਹੋਰਨਾਂ ਨੂੰ । ਭਗਤਿ ਭਾਇਭਗਤੀ ਦੇ ਪਿਆਰ ਨਾਲ । ਛਾਰੁਸੁਆਹ, ਵਿਅਰਥ । ਕਲਿਆਣਭਲੇ ਭਾਗ । ਨਿਧਿਖ਼ਜ਼ਾਨਾ । ਬੂਡਤ ਜਾਤਡੁੱਬਦਾ ਜਾਂਦਾ । ਬਿਸ੍ਰਾਮੁਟਿਕਾਣਾ । ਗੁਣ ਤਾਸੁਗੁਣਾਂ ਦਾ ਖ਼ਜ਼ਾਨਾ ।

ਅਰਥ :
ਹੇ ਸੱਜਣ ਜਨੋ ! ਹੇ ਸੰਤ ਜਨੋ ! ਇਹ ਕੰਮ ਕਰੋ, ਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ;

ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ; ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ ।

ਪ੍ਰਭੂ ਦੀ ਭਗਤੀ ਵਿਚ ਨਿਹੁé ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ, ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ ।

ਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;

(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ । (ਤਾਂ ਤੇ) ਹੇ ਨਾਨਕ ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ।੫।

ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ ਮਨ ਤਨ ਅੰਤਰਿ ਇਹੀ ਸੁਆਉ ॥
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ ਮਨੁ ਬਿਗਸੈ ਸਾਧ ਚਰਨ ਧੋਇ ॥
ਭਗਤ ਜਨਾ ਕੈ ਮਨਿ ਤਨਿ ਰੰਗੁ ॥ ਬਿਰਲਾ ਕੋਊ ਪਾਵੈ ਸੰਗੁ ॥
ਏਕ ਬਸਤੁ ਦੀਜੈ ਕਰਿ ਮਇਆ ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥
ਤਾ ਕੀ ਉਪਮਾ ਕਹੀ ਨ ਜਾਇ ॥ ਨਾਨਕ ਰਹਿਆ ਸਰਬ ਸਮਾਇ ॥੬॥ {ਪੰਨਾ ੨੯੦}


ਪਦ ਅਰਥ :
ਉਪਜੀਪੈਦਾ ਹੋਈ । ਪ੍ਰੇਮ ਰਸੁਪ੍ਰੇਮ ਦਾ ਸੁਆਦ । ਸੁਆਉਸੁਆਰਥ, ਚਾਹ । ਨੇਤ੍ਰਹੁਅੱਖਾਂ ਨਾਲ । ਪੇਖਿਵੇਖ ਕੇ । ਦਰਸੁਦਰਸਨ । ਬਿਗਸੈਖਿੜ ਪੈਂਦਾ ਹੈ । ਰੰਗੁਮੌਜ, ਪਿਆਰ । ਸੰਗੁਸੰਗਤਿ, ਸਾਥ । ਬਸਤੁਚੀਜ਼ । ਮਇਆਮੇਹਰ । ਉਪਮਾਵਡਿਆਈ ।

ਅਰਥ :
(ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ, ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤਿ ਮਿਲੇ) ।

ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ, ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ ।

ਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ, (ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤਿ ਨਸੀਬ ਹੁੰਦੀ ਹੈ ।

(ਹੇ ਪ੍ਰਭੂ !) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ, (ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ ।

ਹੇ ਨਾਨਕ ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।੬।


ਪ੍ਰਭ ਬਖਸੰਦ ਦੀਨ ਦਇਆਲ ॥ ਭਗਤਿ ਵਛਲ ਸਦਾ ਕਿਰਪਾਲ ॥
ਅਨਾਥ ਨਾਥ ਗੋਬਿੰਦ ਗੁਪਾਲ ॥ ਸਰਬ ਘਟਾ ਕਰਤ ਪ੍ਰਤਿਪਾਲ ॥
ਆਦਿ ਪੁਰਖ ਕਾਰਣ ਕਰਤਾਰ ॥ ਭਗਤ ਜਨਾ ਕੇ ਪ੍ਰਾਨ ਅਧਾਰ ॥
ਜੋ ਜੋ ਜਪੈ ਸੁ ਹੋਇ ਪੁਨੀਤ ॥ ਭਗਤਿ ਭਾਇ ਲਾਵੈ ਮਨ ਹੀਤ ॥
ਹਮ ਨਿਰਗੁਨੀਆਰ ਨੀਚ ਅਜਾਨ ॥ ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥ {ਪੰਨਾ ੨੯੦}


ਪਦ ਅਰਥ :
ਪ੍ਰਭ ਬਖਸੰਦਹੇ ਬਖ਼ਸ਼ਨਹਾਰ ਪ੍ਰਭੂ ! ਭਗਤਿ ਵਛਲਹੇ ਭਗਤੀ ਨਾਲ ਪਿਆਰ ਕਰਨ ਵਾਲੇ ! ਪ੍ਰਤਿਪਾਲਪਾਲਨਾ । ਅਧਾਰਆਸਰਾ । ਪੁਨੀਤਪਵਿੱਤ੍ਰ । ਹੀਤਹਿਤ, ਪਿਆਰ । ਨਿਰਗੁਨੀਆਰਗੁਣ-ਹੀਨ ।

ਅਰਥ :
ਹੇ ਬਖ਼ਸ਼ਨਹਾਰ ਪ੍ਰਭੂ ! ਹੇ ਗਰੀਬਾਂ ਤੇ ਤਰਸ ਕਰਨ ਵਾਲੇ ! ਹੇ ਭਗਤੀ ਨਾਲ ਪਿਆਰ ਕਰਨ ਵਾਲੇ ! ਹੇ ਸਦਾ ਦਇਆ ਦੇ ਘਰ !

ਹੇ ਅਨਾਥਾਂ ਦੇ ਨਾਥ ! ਹੇ ਗੋਬਿੰਦ ! ਹੇ ਗੋਪਾਲ ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ !

ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ ! ਹੇ (ਜਗਤ ਦੇ) ਮੂਲ ! ਹੇ ਕਰਤਾਰ ! ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ !

ਜੋ ਜੋ ਮਨੁੱਖ ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ ਤੇ ਤੈਨੂੰ ਜਪਦਾ ਹੈ, ਉਹ ਪਵਿੱ੍ਰਤ ਹੋ ਜਾਂਦਾ ਹੈ ।

ਹੇ ਨਾਨਕ ! (ਬੇਨਤੀ ਕਰ ਤੇ ਆਖ—) ਹੇ ਅਕਾਲ ਪੁਰਖ ! ਹੇ ਭਗਵਾਨ ! ਅਸੀ ਤੇਰੀ ਸਰਨ ਆਏ ਹਾਂ, ਅਸੀ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ ।੭।


ਸਰਬ ਬੈਕੁੰਠ ਮੁਕਤਿ ਮੋਖ ਪਾਏ ॥ ਏਕ ਨਿਮਖ ਹਰਿ ਕੇ ਗੁਨ ਗਾਏ
ਅਨਿਕ ਰਾਜ ਭੋਗ ਬਡਿਆਈ ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥
ਬਹੁ ਭੋਜਨ ਕਾਪਰ ਸੰਗੀਤ ॥ ਰਸਨਾ ਜਪਤੀ ਹਰਿ ਹਰਿ ਨੀਤ ॥
ਭਲੀ ਸੁ ਕਰਨੀ ਸੋਭਾ ਧਨਵੰਤ ॥ ਹਿਰਦੈ ਬਸੇ ਪੂਰਨ ਗੁਰਮੰਤ ॥
ਸਾਧ ਸੰਗਿ ਪ੍ਰਭ ਦੇਹੁ ਨਿਵਾਸ ॥ ਸਰਬ ਸੂਖ ਨਾਨਕ ਪਰਗਾਸ ॥੮॥੨੦॥ {ਪੰਨਾ ੨੯੦}


ਪਦ ਅਰਥ :
ਏਕ ਨਿਮਖਅੱਖ ਦਾ ਇਕ ਫੋਰ । ਬੈਕੁੰਠਸੁਰਗ ਮਨਿਮਨ ਵਿਚ । ਭਾਈਚੰਗੀ ਲੱਗੀ । ਕਾਪਰਕੱਪੜੇ । ਸੰਗੀਤਰਾਗ-ਰੰਗ । ਰਸਨਾਜੀਭ । ਨੀਤਨਿੱਤ, ਸਦਾ । ਕਰਨੀਆਚਰਨ । ਗੁਰਮੰਤਗੁਰੂ ਦਾ ਉਪਦੇਸ਼ ।


ਅਰਥ :
ਜਿਸ ਮਨੁੱਖ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ, ਉਸ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ ।

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ, ਉਸ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ ।

ਜਿਸ ਮਨੁੱਖ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ, ਉਸ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ ।

ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ, ਉਸੇ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ ।

ਹੇ ਪ੍ਰਭੂ ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ । ਹੇ ਨਾਨਕ ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ।੮।੨੦।

No comments:

Post a Comment