Tuesday 16 April 2013

Sukhmani Sahib (13-14)



ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥ {ਪੰਨਾ ੨੭੯}


ਪਦ ਅਰਥ :—ਜਨੁ—ਮਨੁੱਖ ਪਰੈ—ਪੈਂਦਾ ਹੈ । ਉਧਰਨਹਾਰੁ—(ਮਾਇਆ ਦੇ ਹੱਲੇ ਤੋਂ) ਬਚਣ ਜੋਗਾ । ਬਹੁਰਿ ਬਹੁਰਿ—ਮੁੜ ਮੁੜ, ਫੇਰ ਫੇਰ । ਅਵਤਾਰ—ਜਨਮ ।

ਅਰਥ :ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ; (ਪਰ) ਹੇ ਨਾਨਕ ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ।੧।

ਅਸਟਪਦੀ ॥
ਸੰਤ ਕੈ ਦੂਖਨਿ ਆਰਜਾ ਘਟੈ ॥ ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥ ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥ ਸੰਤ ਕੈ ਦੂਖਨਿ ਸੋਭਾ ਤੇ ਹੀਨ
ਸੰਤ ਕੇ ਹਤੇ ਕਉ ਰਖੈ ਨ ਕੋਇ ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥ ਨਾਨਕ ਸੰਤ ਸੰਗਿ ਨਿੰਦਕੁ ਭੀ ਤਰੈ ॥੧॥ {ਪੰਨਾ ੨੭੯}


ਪਦ ਅਰਥ :
ਦੂਖਨਿ—ਦੂਖਨ ਨਾਲ, ਨਿੰਦਿਆ ਨਾਲ । ਆਰਜਾ—ਉਮਰ । ਛੁਟੈ—ਬਚ ਸਕਦਾ । ਮਲੀਨ—ਮੈਲੀ, ਭੈੜੀ ਮਤਿ—ਅਕਲਿ, ਸਮਝ । ਹੀਨ—ਸੱਖਣਾ । ਹਤੇ ਕਉ—ਮਾਰੇ ਨੂੰ, ਫਿਟਕਾਰੇ ਨੂੰ । ਰਖੈ—ਰੱਖ ਸਕਦਾ, ਸਹੈਤਾ ਕਰਦਾ । ਥਾਨ—(ਹਿਰਦਾ-ਰੂਪ) ਥਾਂ । ਭ੍ਰਸਟੁ—ਗੰਦਾ ।



ਅਰਥ :—
ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ, (ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ ।

ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ, ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ

ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ, ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ ।

ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ, (ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ ।

(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ, ਤਾਂ ਹੇ ਨਾਨਕ ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ।੧।



ਸੰਤ ਕੇ ਦੂਖਨ ਤੇ ਮੁਖੁ ਭਵੈ ॥ ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥ ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥ ਸੰਤ ਕੈ ਦੂਖਨਿ ਸਭੁ ਕੋ ਛਲੈ ॥
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥ ਸੰਤ ਕੈ ਦੂਖਨਿ ਨੀਚੁ ਨੀਚਾਇ ॥
ਸੰਤ ਦੋਖੀ ਕਾ ਥਾਉ ਕੋ ਨਾਹਿ ॥ ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ੨॥ {ਪੰਨਾ ੨੭੯-੨੮੦}


ਪਦ ਅਰਥ :—
ਦੂਖਨ ਤੇ—ਨਿੰਦਿਆ ਕਰਨ ਨਾਲ । ਮੁਖੁ ਭਵੈ—ਮੂੰਹ ਭਉਂ ਜਾਂਦਾ ਹੈ, ਮੂੰਹ ਫਿਟਕਾਰਿਆ ਜਾਂਦਾ ਹੈ । ਕਾਗ ਜਿਉ—ਕਾਂ ਵਾਂਗ ਲਵੈ—ਲਉਂ ਲਉਂ ਕਰਦਾ ਹੈ, ਭਾਵ, ਨਿੰਦਿਆ ਕਰਨ ਦੀ ਆਦਤ ਪੈ ਜਾਂਦੀ ਹੈ । ਸਰਪ—ਸੱਪ ਤ੍ਰਿਗਦ—{ਸ਼ਕਟ. ਤਿਯéਚੱ} ਪਸ਼ੂ ਪੰਛੀ ਜੋਨਿ । ਕਿਰਮਾਇ—ਕਿਰਮ ਆਦਿਕ । ਤ੍ਰਿਸਨਾ—ਲਾਲਚ । ਜਲੈ—ਸੜਦਾ ਹੈ । ਸਭੁ ਕੋ—ਹਰੇਕ ਪ੍ਰਾਣੀ ਨੂੰ । ਛਲੈ—ਧੋਖਾ ਦੇਂਦਾ ਹੈ । ਨੀਚੁ ਨੀਚਾਇ—ਨੀਚਾਂ ਤੋਂ ਨੀਚ, ਬਹੁਤ ਭੈੜਾ ਦੋਖੀ—ਨਿੰਦਕ । ਓਇ—ਨਿੰਦਾ ਕਰਨ ਵਾਲੇ । ਪਾਹਿ—ਪਾ ਲੈਂਦੇ ਹਨ ।



ਅਰਥ :—
ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ, (ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰੰਦਾ ਦੇ ਬਚਨ ਬੋਲਦਾ ਫਿਰਦਾ ਹੈ) ।

ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ, ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ) ।

ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ, ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ ।

ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ ।

ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ; (ਹਾਂ) ਹੇ ਨਾਨਕ ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ।੨।



ਸੰਤ ਕਾ ਨਿੰਦਕੁ ਮਹਾ ਅਤਤਾਈ ॥ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
ਸੰਤ ਕੇ ਨਿੰਦਕ ਕਉ ਸਰਬ ਰੋਗ ॥ ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ੩॥ {ਪੰਨਾ ੨੮੦}



ਪਦ ਅਰਥ :—
ਅਤਤਾਈ—ਅੱੱਤ ਚੁੱਕੀ ਰੱਖਣ ਵਾਲਾ, ਸਦਾ ਕੋਈ ਨ ਕੋਈ ਵਧੀਕੀ ਕਰਦੇ ਰਹਿਣ ਵਾਲਾ । ਟਿਕਨੁ—ਟਿਕਾਉ । ਹਤਿਆਰਾ—ਜ਼ਾਲਮ । ਪਰਮੇਸੁਰਿ—ਰੱਬ ਵਲੋਂ । ਮਾਰਾ—ਫਿਟਕਿਆ ਹੋਇਆ । ਹੀਨੁ—ਵਾਂਜਿਆ ਹੋਇਆ । ਦੀਨੁ—ਕੰਗਾਲ, ਆਤੁਰ । ਬਿਜੋਗ—(ਰੱਬ ਨਾਲੋਂ) ਵਿਛੋੜਾ । ਦੋਖ ਮਹਿ ਦੋਖੁ—ਵੱਡਾ ਮਾੜਾ ਕੰਮ । ਮੋਖੁ—ਮੁਕਤੀ, (ਨਿੰਦਾ ਤੋਂ) ਛੁਟਕਾਰਾ ।



ਅਰਥ :—
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ, ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ ।

ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ, ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ ।

ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ (ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ ।

ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ (ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ ।

ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ । ਹੇ ਨਾਨਕ ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ।੩।



ਸੰਤ ਕਾ ਦੋਖੀ ਸਦਾ ਅਪਵਿਤੁ ॥ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
ਸੰਤ ਕੇ ਦੋਖੀ ਕਉ ਡਾਨੁ ਲਾਗੈ ॥ ਸੰਤ ਕੇ ਦੋਖੀ ਕਉ ਸਭ ਤਿਆਗੈ ॥
ਸੰਤ ਕਾ ਦੋਖੀ ਮਹਾ ਅਹੰਕਾਰੀ ॥ ਸੰਤ ਕਾ ਦੋਖੀ ਸਦਾ ਬਿਕਾਰੀ ॥
ਸੰਤ ਕਾ ਦੋਖੀ ਜਨਮੈ ਮਰੈ ॥ ਸੰਤ ਕੀ ਦੂਖਨਾ ਸੁਖ ਤੇ ਟਰੈ ॥
ਸੰਤ ਕੇ ਦੋਖੀ ਕਉ ਨਾਹੀ ਠਾਉ ॥ ਨਾਨਕ ਸੰਤ ਭਾਵੈ ਤਾ ਲਏ ਮਿਲਾਇ ੪॥ {ਪੰਨਾ ੨੮੦}



ਪਦ ਅਰਥ :—
ਅਪਵਿਤੁ—ਮੈਲੇ ਮਨ ਵਾਲਾ, ਖੋਟਾ । ਡਾਨੁ—ਡੰਨ (ਧਰਮਰਾਜ ਦਾ) । ਸਭ ਤਿਆਗੈ—ਸਾਰੇ ਸਾਥ ਛੱਡ ਜਾਂਦੇ ਹਨ । ਬਿਕਾਰੀ—ਮੰਦ-ਕਰਮੀ । ਦੂਖਨਾ—ਨਿੰਦਿਆ । ਟਰੈ—ਟਲੈ, ਵਾਂਜਿਆ ਜਾਂਦਾ ਹੈ । ਠਾਉ—ਥਾਂ, ਸਹਾਰਾ ।



ਅਰਥ :—
ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ (ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ ।

(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ ।

ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ ਤੇ ਸਦਾ ਮੰਦੇ ਕੰਮ ਕਰਦਾ ਹੈ ।

(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ, ਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ ।

ਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ, (ਪਰ ਹਾਂ), ਹੇ ਨਾਨਕ ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ ।੪।




ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ {ਪੰਨਾ ੨੮੦}



ਪਦ ਅਰਥ :—
ਅਧ ਬੀਚ ਤੇ—ਅੱਧ ਵਿਚੋਂ । ਕਿਤੈ ਕਾਜਿ—ਕਿਸੇ ਕੰਮ ਕਾਜ ਵਿਚ । ਉਦਿਆਨ—ਜੰਗਲ । ਭ੍ਰਮਾਈਐ—ਭਟਕਾਈਦਾ ਹੈ । ਉਝੜਿ—ਔਝੜ ਵਿਚ, ਕੁਰਾਹੇ । ਥੋਥਾ—ਖ਼ਾਲੀ ਮਿਰਤਕ—ਮੁਰਦਾ ਜੜ—ਪੱਕੀ ਨੀਂਹ, ਪਾਂਇਆਂ । ਬੀਜਿ—ਬੀਜ ਕੇ, ਕਮਾਈ ਕਰ ਕੇ । ਖਾਹਿ—ਖਾਂਦੇ ਹਨ । ਸੰਤ ਭਾਵੈ—ਸੰਤ ਨੂੰ ਚੰਗਾ ਲੱਗੇ । ਲਏ ਉਬਾਰਿ—ਉਬਾਰਿ ਲਏ, ਬਚਾ ਲੈਂਦਾ ਹੈ ।

ਅਰਥ :—
ਸੰਤ ਦੀ ਨਿੰਦਿਆ ਕਰਨ ਵਾਲਾ ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ, ਅੱਧ ਵਿਚੋਂ ਹੀ ਰਹਿ ਜਾਂਦਾ ਹੈ ।

ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ ਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ ।

ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ, ਤਿਵੇਂ ਹੀ ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ ।

ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ, ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ ।

ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ, (ਪਰ) ਹੇ ਨਾਨਕ ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ।੫।





ਸੰਤ ਕਾ ਦੋਖੀ ਇਉ ਬਿਲਲਾਇ ॥ ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
ਸੰਤ ਕਾ ਦੋਖੀ ਛੁਟੈ ਇਕੇਲਾ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
ਸੰਤ ਕਾ ਦੋਖੀ ਧਰਮ ਤੇ ਰਹਤ ॥ ਸੰਤ ਕਾ ਦੋਖੀ ਸਦ ਮਿਥਿਆ ਕਹਤ ॥
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ ਨਾਨਕ ਜੋ ਤਿਸੁ ਭਾਵੈ ਸੋਈ ਥਿਆ ੬॥ {ਪੰਨਾ ੨੮੦}



ਪਦ ਅਰਥ :—
ਬਿਲਲਾਇ—ਵਿਲਕਦਾ ਹੈ । ਬਿਹੂਨ—ਬਿਨਾ । ਤੜਫੜਾਇ—ਤੜਫ਼ਦੀ ਹੈ । ਭੂਖਾ—ਤ੍ਰਿਸ਼ਨਾਲੂ, ਤ੍ਰਿਸ਼ਨਾ ਦਾ ਮਾਰਿਆ ਹੋਇਆ । ਰਾਜੈ—ਰੱਜਦਾ ਹੈ । ਪਾਵਕੁ—ਅੱਗ । ਧ੍ਰਾਪੈ—ਰੱਜਦੀ । ਈਧਨਿ—ਈਂਧਨ (ਬਾਲਣ) ਨਾਲ । ਛੁਟੈ—ਪਿਆ ਰਹਿੰਦਾ ਹੈ । ਬੂਆੜੁ—{ਸ਼ਕਟ. òਯੁÃਟ ਭੁਰਨਟ} ਸੜਿਆ ਹੋਇਆ, ਜਿਸ ਦੀ ਫਲੀ ਵਿਚੋਂ ਸੜੀ ਹੋਈ ਹੋਵੇ । ਦੁਹੇਲਾ—ਦੁਖੀ । ਮਿਥਿਆ—ਝੂਠ । ਕਿਰਤੁ—{ਸ਼ਕਟ. Ï} ਕੀਤੇ ਹੋਏ ਕੰਮ ਦਾ ਫਲ । ਧੁਰਿ ਹੀ—ਮੁੱਢ ਤੋਂ ਹੀ (ਜਦੋਂ ਤੋਂ ਕੋਈ ਕੰਮ ਕੀਤਾ ਗਿਆ ਹੈ) । ਤਿਸੁ—ਉਸ ਪ੍ਰਭੂ ਨੂੰ ।



ਅਰਥ :
ਸੰਤ ਦਾ ਨਿੰਦਕ ਇਉਂ ਵਿਲਕਦਾ ਹੈ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ । ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ) ।

ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ, ਤਿਵੇਂ ਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ) ।

ਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ ਤੇ ਸਦਾ ਝੂਠ ਬੋਲਦਾ ਹੈ । (ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ ?) ਹੇ ਨਾਨਕ ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ।੬।




ਸੰਤ ਕਾ ਦੋਖੀ ਬਿਗੜਰੂਪੁ ਹੋਇ ਜਾਇ ॥ ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
ਸੰਤ ਕਾ ਦੋਖੀ ਸਦਾ ਸਹਕਾਈਐ ॥ ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ ਜੈਸਾ ਭਾਵੈ ਤੈਸਾ ਕੋਈ ਹੋਇ ॥
ਪਇਆ ਕਿਰਤੁ ਨ ਮੇਟੈ ਕੋਇ ॥ ਨਾਨਕ ਜਾਨੈ ਸਚਾ ਸੋਇ ॥੭॥ {ਪੰਨਾ ੨੮੦}



ਪਦ ਅਰਥ :
ਬਿਗੜਰੂਪੁ—ਵਿਗੜੇ ਹੋਏ ਰੂਪ ਵਾਲਾ, ਭ੍ਰਿਸ਼ਟਿਆ ਹੋਇਆ । ਸਹਕਾਈਐ—ਸਹਕਦਾ ਹੈ, ਤਰਲੇ ਲੈਂਦਾ ਹੈ, ਆਤੁਰ ਹੁੰਦਾ ਹੈ । ਪੁਜੈ ਨ—ਸਿਰੇ ਨਹੀਂ ਚੜ੍ਹਦੀ । ਤ੍ਰਿਸਟੈ—ਰੱਜਦਾ । ਜੈਸਾ ਭਾਵੈ—ਜਿਹੋ ਜਿਹੀ ਭਾਵਨਾ ਵਾਲਾ ਹੁੰਦਾ ਹੈ । ਪਇਆ ਕਿਰਤੁ—ਪਿਛਲੇ ਕੀਤੇ (ਮੰਦੇ) ਕੰਮਾਂ ਦਾ ਇਕੱਠਾ ਹੋਇਆ ਫਲ ।



ਅਰਥ :—
ਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ, ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ ।

ਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ, ਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ ।

ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ, ਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ ?)

ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ (ਇਸ ਵਾਸਤੇ) ਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ ।

(ਬਚੇ ਭੀ ਕਿਵੇਂ ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ । ਹੇ ਨਾਨਕ ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ ।੭।



ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥ ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥ ਦੂਸਰੁ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ ਬਡਭਾਗੀ ਨਾਨਕ ਜਨ ਸੇਇ ੮॥੧੩॥ {ਪੰਨਾ ੨੮੦-੨੮੧}



ਪਦ ਅਰਥ :—
ਘਟ—ਸਰੀਰ । ਤਿਸ ਕੇ—ਉਸ ਪ੍ਰਭੂ ਦੇ । ਓਹੁ—ਓਹ ਪ੍ਰਭੂ । ਉਸਤਤਿ—ਵਡਿਆਈ । ਸਾਸਿ ਗਿਰਾਸਿ—ਸਾਹ ਅੰਦਰ ਬਾਹਰ ਲੈਂਦਿਆਂ । ਥੀਆ—ਹੋ ਜਾਂਦਾ ਹੈ । ਦੂਸਰੁ—ਦੂਜਾ । ਬੀਚਾਰੁ—ਖ਼ਿਆਲ । ਜਨ ਸੇਇ—ਸੇਇ ਜਨ, ਉਹ ਮਨੁੱਖ (ਫਲ.) । ਕੋ—ਕੋਈ, ਹਰੇਕ ਜੀਵ ।

ਅਰਥ :—
ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ, ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ ।

ਦਿਨ ਰਾਤਿ ਪ੍ਰਭੂ ਦੇ ਗੁਣ ਗਾਓ, ਦਮ-ਬ-ਦਮ ਉਸੇ ਨੂੰ ਯਾਦ ਕਰੋ ।

(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ, ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ ।

(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ । ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ ?

ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ; (ਤੇ) ਹੇ ਨਾਨਕ ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ।੮।੧੩।



ਸਲੋਕੁ ॥
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ {ਪੰਨਾ ੨੮੧}



ਪਦ ਅਰਥ :—
ਸਿਆਨਪ—ਚਤੁਰਾਈ, ਅਕਲ ਦਾ ਮਾਣ । ਸੁਰਿ ਜਨਹੁ—ਹੇ ਭਲੇ ਪੁਰਸ਼ੋ ! ਏਕ ਆਸ ਹਰਿ—ਏਕ ਹਰਿ ਆਸ, ਇਕ ਪ੍ਰਭੂ ਦੀ ਆਸ । ਮਨਿ—ਮਨ ਵਿਚ । ਭਰਮੁ—ਭੁਲੇਖਾ । ਭਉ—ਡਰ । ਜਾਇ—ਦੂਰ ਹੋ ਜਾਂਦਾ ਹੈ ।



ਅਰਥ :—
ਹੇ ਭਲੇ ਮਨੁੱਖੋ ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ; ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ । ਹੇ ਨਾਨਕ ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ।੧।


ਅਸਟਪਦੀ ॥
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥ {ਪੰਨਾ ੨੮੧}



ਪਦ ਅਰਥ :—
ਟੇਕ—ਆਸਰਾ । ਬ੍ਰਿਥੀ—ਬੇ-ਫ਼ਾਇਦਾ । ਜਾਨੁ—ਸਮਝ ਏਕੈ—ਇਕੋ ਹੀ । ਰਹੈ ਅਘਾਇ—ਅਘਾਇ ਰਹੈ, ਰੱਜਿਆ ਰਹਿੰਦਾ ਹੈ । ਬਹੁਰਿ—ਫੇਰ । ਹਾਥਿ—ਹੱਥ ਵਿਚ, ਵੱਸ ਵਿਚ । ਬੂਝਿ—ਸਮਝ ਕੇ । ਕੰਠਿ—ਕੰਠ (ਗਲੇ) ਵਿਚ । ਰਖੁ ਕੰਠਿ ਪਰੋਇ—ਹਰ ਵੇਲੇ ਯਾਦ ਕਰ । ਬਿਘਨੁ—ਰੁਕਾਵਟ



ਅਰਥ :—
(ਹੇ ਮਨ !) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;

ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ ।

ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁਝ ਨਹੀਂ ਹੈ ।

(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ । (ਹੇ ਮਨ !) ਉਸ ਦਾ ਨਾਮ ਹਰ ਵੇਲੇ ਯਾਦ ਕਰ ।

ਉਸ ਪ੍ਰਭੂ ਨੂੰ ਸਦਾ ਸਿਮਰ । ਹੇ ਨਾਨਕ ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ।੧।





ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ਕਰਿ ਮਨ ਮੇਰੇ ਸਤਿ ਬਿਉਹਾਰ ॥
ਨਿਰਮਲ ਰਸਨਾ ਅੰਮ੍ਰਿਤੁ ਪੀਉ ॥ ਸਦਾ ਸੁਹੇਲਾ ਕਰਿ ਲੇਹਿ ਜੀਉ ॥
ਨੈਨਹੁ ਪੇਖੁ ਠਾਕੁਰ ਕਾ ਰੰਗੁ ॥ ਸਾਧ ਸੰਗਿ ਬਿਨਸੈ ਸਭ ਸੰਗੁ ॥
ਚਰਨ ਚਲਉ ਮਾਰਗਿ ਗੋਬਿੰਦ ॥ ਮਿਟਹਿ ਪਾਪ ਜਪੀਐ ਹਰਿ ਬਿੰਦ ॥
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ਹਰਿ ਦਰਗਹ ਨਾਨਕ ਊਜਲ ਮਥਾ ॥੨॥ {ਪੰਨਾ ੨੮੧}



ਪਦ ਅਰਥ :
ਉਸਤਤਿ—ਵਡਿਆਈ, ਸਿਫ਼ਤਿ-ਸਾਲਾਹ । ਸਤਿ—ਸੱਚਾ । ਬਿਉਹਾਰ—ਵਿਹਾਰ । ਰਸਨਾ—ਜੀਭ ਨਾਲ । ਸੁਹੇਲਾ—ਸੌਖਾ, ਸੁਖੀ । ਜੀਉ—ਜਿੰਦ । ਨੈਨਹੁ—ਅੱਖਾਂ ਨਾਲ । ਰੰਗੁ—ਤਮਾਸ਼ਾ, ਖੇਲ ਸਾਧ ਸੰਗਿ—ਸਾਧਾਂ ਦੀ ਸੰਗਤਿ ਵਿਚ । ਸਭ ਸੰਗੁ—ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ । ਚਲਉ—ਚਲੋ । ਮਾਰਗਿ—ਰਸਤੇ ਤੇ । ਬਿੰਦ—ਰਤਾ ਭਰ, ਥੋੜਾ ਚਿਰ । ਕਰ—ਹੱਥਾਂ ਨਾਲ । ਕਰਮ—ਕੰਮ । ਸ੍ਰਵਨਿ—ਕੰਨਾਂ ਨਾਲ ।



ਅਰਥ :—
ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ । ਹੇ ਮੇਰੇ ਮਨ ! ਇਹ ਸੱਚਾ ਵਿਹਾਰ ਕਰ ।

ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ, (ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ ।

ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ, ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ ।

ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ । ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ ।

ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ); (ਇਸ ਤਰ੍ਹਾਂ) ਹੇ ਨਾਨਕ ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ।੨।

ਰਾਮ ਨਾਮ ਜੋ ਕਰਹਿ ਬੀਚਾਰ ॥ ਸੇ ਧਨਵੰਤ ਗਨੀ ਸੰਸਾਰ ॥
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ ਸਦਾ ਸਦਾ ਜਾਨਹੁ ਤੇ ਸੁਖੀ ॥
ਏਕੋ ਏਕੁ ਏਕੁ ਪਛਾਨੈ ॥ ਇਤ ਉਤ ਕੀ ਓਹੁ ਸੋਝੀ ਜਾਨੈ ॥
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ {ਪੰਨਾ ੨੮੧}


ਪਦ ਅਰਥ :—
ਤੇ ਜਨ—ਉਹ ਬੰਦੇ । ਗਾਹਿ—ਗਾਉਂਦੇ ਹਨ । ਸੋ—ਉਹ ਮਨੁੱਖ । ਗਨੀ—ਗ਼ਨੀ, ਧਨਾਢ । ਮੁਖੀ—ਚੋਣਵੇਂ ਚੰਗੇ ਬੰਦੇ । ਤੇ—ਉਹਨਾਂ ਨੂੰ । ਇਤ ਉਤ ਕੀ—ਲੋਕ ਪਰਲੋਕ ਦੀ । ਮਾਨਿਆ—ਪਤੀਜਿਆ । ਤਿਨਹਿ—ਤਿਨਿ ਹੀ, ਉਸੇ ਨੇ । ਜਾਨਿਆ—ਸਮਝਿਆ ਹੈ ।

ਅਰਥ :—
(ਜੋ ਮਨੁੱਖ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ ।

ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ ।

ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ, ਉਹਨਾਂ ਨੂੰ ਸਦਾ ਸੁਖੀ ਜਾਣੋ ।

ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ, ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ ।

ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ, ਹੇ ਨਾਨਕ ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ।੩।



ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
ਸਾਧ ਸੰਗਿ ਹਰਿ ਹਰਿ ਜਸੁ ਕਹਤ ॥ ਸਰਬ ਰੋਗ ਤੇ ਓਹੁ ਹਰਿਜਨੁ ਰਹਤ ॥
ਅਨਦਿਨੁ ਕੀਰਤਨੁ ਕੇਵਲ ਬਖ´ਾਨੁ ॥ ਗ੍ਰਿਹਸਤ ਮਹਿ ਸੋਈ ਨਿਰਬਾਨੁ ॥
ਏਕ ਊਪਰਿ ਜਿਸੁ ਜਨ ਕੀ ਆਸਾ ॥ ਤਿਸ ਕੀ ਕਟੀਐ ਜਮ ਕੀ ਫਾਸਾ ॥
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ ਨਾਨਕ ਤਿਸਹਿ ਨ ਲਾਗਹਿ ਦੂਖ ॥੪॥ {ਪੰਨਾ ੨੮੧}


ਪਦ ਅਰਥ :—
ਸੁਝੈ—ਸੁੱਝ ਜਾਏ, ਸਮਝ ਆ ਜਾਏ । ਬੁਝੈ—ਮਿਟ ਜਾਂਦੀ ਹੈ । ਜਸੁ—ਵਡਿਆਈ । ਹਰਿ ਜਨੁ—ਪ੍ਰਭੂ ਦਾ ਸੇਵਕ । ਸਰਬ ਰੋਗ ਤੇ ਰਹਤ—ਸਾਰੇ ਰੋਗਾਂ ਤੋਂ ਬਚਿਆ ਹੋਇਆ । ਅਨਦਿਨੁ—ਹਰ ਰੋਜ਼ ਬਖ´ਾਨੁ—ਉੱਚਾਰਨ । ਨਿਰਬਾਨੁ—ਵਾਸਨਾ ਤੋਂ ਰਹਿਤ । ਜਿਸੁ ਮਨਿ—ਜਿਸ ਮਨੁੱਖ ਦੇ ਮਨ ਵਿਚ । ਤਿਸਹਿ—ਤਿਸ ਮਨੁੱਖ ਨੂੰ ।

ਅਰਥ :—
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ, ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ।

ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ ।

ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ, ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ ।

ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ, ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ।

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ, ਹੇ ਨਾਨਕ ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ।੪।

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ ਸੋ ਸੰਤੁ ਸੁਹੇਲਾ ਨਹੀ ਡੁਲਾਵੈ
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਸੋਧਤ ਸੋਧਤ ਸੋਧਤ ਸੀਝਿਆ ॥ ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ੫॥ {ਪੰਨਾ ੨੮੧}



ਪਦ ਅਰਥ :—
ਸੁਹੇਲਾ—ਸੁਖੀ । ਕਿਸ ਤੇ—ਕਿਸ ਤੋਂ ? ਦ੍ਰਿਸਟਾਇਆ—ਦ੍ਰਿਸ਼ਟੀ ਆਇਆ, ਨਜ਼ਰੀਂ ਆਇਆ, ਦਿੱਸਿਆ । ਸੋਧਤ—ਵਿਚਾਰ ਕਰਦਿਆਂ । ਸੀਝਿਆ—ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ । ਤਤੁ—ਅਸਲੀਅਤ ! ਸੂਖਮੁ—ਸਰਬ-ਵਿਆਪਕ ਜੋਤਿ । ਅਸਥੂਲੁ—ਦ੍ਰਿਸ਼ਟਮਾਨ ਜਗਤ {ਸ਼ਕਟ. Æਥੁਲ—ਘਰੋਸਸ, ਚੋaਰਸe, ਰੁਗਹ} ਕਾਰਜ—ਕੀਤਾ ਹੋਇਆ ਜਗਤ ।



ਅਰਥ :—
ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ, ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ ।

ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ, ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ ?

(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ, (ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;

ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ, (ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ ।

ਹੇ ਨਾਨਕ ! (ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ), ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ।੫।



ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
ਆਪੇ ਆਪਿ ਸਗਲ ਮਹਿ ਆਪਿ ॥ ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥
ਅਬਿਨਾਸੀ ਨਾਹੀ ਕਿਛੁ ਖੰਡ ॥ ਧਾਰਣ ਧਾਰਿ ਰਹਿਓ ਬ੍ਰਹਮੰਡ ॥
ਅਲਖ ਅਭੇਵ ਪੁਰਖ ਪਰਤਾਪ ॥ ਆਪਿ ਜਪਾਏ ਤ ਨਾਨਕ ਜਾਪ ॥੬॥ {ਪੰਨਾ ੨੮੧-੨੮੨}


ਪਦ ਅਰਥ :—
ਚਲਿਤੁ—ਤਮਾਸ਼ਾ, ਖੇਲ । ਆਵਨੁ ਜਾਵਨੁ—ਜਨਮ ਮਰਣ । ਦ੍ਰਿਸਟਿ—ਦਿੱਸਦਾ ਜਗਤ, ਅਸਥੂਲ ਸੰਸਾਰ । ਅਨਦ੍ਰਿਸਟਿ—ਨਾਹ ਦਿੱਸਦਾ ਸੰਸਾਰ, ਸੂਖਮ ਜਗਤ । ਆਗਿਆਕਾਰੀ—ਹੁਕਮ ਵਿਚ ਤੁਰਨ ਵਾਲੀ । ਧਾਰੀ—ਟਿਕਾਈ ਹੈ । ਜੁਗਤਿ—ਤਰੀਕਿਆਂ ਨਾਲ । ਉਥਾਪਿ—ਨਾਸ ਕਰਦਾ ਹੈ । ਖੰਡ—ਟੋਟਾ, ਨਾਸ ਧਾਰਣ...ਬ੍ਰਹਮੰਡ—ਬ੍ਰਹਮੰਡ (ਦੀ) ਧਾਰਣ ਧਾਰਿ ਰਹਿਓ । ਅਲਖ—ਜੋ ਬਿਆਨ ਨ ਹੋ ਸਕੇ । ਅਭੇਵ—ਜਿਸ ਦਾ ਭੇਤ ਨ ਪਾਇਆ ਜਾ ਸਕੇ । ਤ—ਤਾਂ ।



ਅਰਥ :—
ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ; (ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;

ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ—ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ ।

ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ, ਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ ।

ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ, ਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ ।

ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ; ਹੇ ਨਾਨਕ ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ੬।


ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥ ਸਗਲ ਸੰਸਾਰੁ ਉਧਰੈ ਤਿਨ ਮੰਤ ॥
ਪ੍ਰਭ ਕੇ ਸੇਵਕ ਸਗਲ ਉਧਾਰਨ ॥ ਪ੍ਰਭ ਕੇ ਸੇਵਕ ਦੂਖ ਬਿਸਾਰਨ ॥
ਆਪੇ ਮੇਲਿ ਲਏ ਕਿਰਪਾਲ ॥ ਗੁਰ ਕਾ ਸਬਦੁ ਜਪਿ ਭਏ ਨਿਹਾਲ ॥
ਉਨ ਕੀ ਸੇਵਾ ਸੋਈ ਲਾਗੈ ॥ ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
ਨਾਮੁ ਜਪਤ ਪਾਵਹਿ ਬਿਸ੍ਰਾਮੁ ॥ ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥ {ਪੰਨਾ ੨੮੨}



ਪਦ ਅਰਥ :—
ਜਿਨ—ਜਿਨ੍ਹਾਂ ਮਨੁੱਖਾਂ ਨੇ । ਤਿਨ ਮੰਤ—ਉਹਨਾਂ ਦੇ ਉਪਦੇਸ਼ਾਂ ਨਾਲ । ਸਗਲ ਉਧਾਰਨ—ਸਾਰਿਆਂ ਨੂੰ ਬਚਾਉਣ ਵਾਲੇ । ਦੂਖ ਬਿਸਾਰਨ—ਦੁੱਖਾਂ ਦਾ ਨਾਸ ਕਰਨ ਵਾਲੇ । ਜਪਿ—ਜਪ ਕੇ । ਨਿਹਾਲ—(ਫੁੱਲਾਂ ਵਾਂਗ) ਖਿੜੇ ਹੋਏ । ਕਰਹਿ—ਤੂੰ ਕਰਦਾ ਹੈਂ । ਬਡਭਾਗੈ—ਵੱਡੀ ਕਿਸਮਤ ਵਾਲੇ ਨੂੰ । ਬਿਸਰਾਮੁ—ਟਿਕਾਣਾ, ਦੁੱਖਾਂ ਤੋਂ ਬਚਾਉ । ਮਾਨੁ—ਸਮਝ, ਜਾਣ ਲੈ ।



ਅਰਥ :—
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ; ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ ।

ਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ, (ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ

(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ, ਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ ।

ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ, ਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ !) ਤੂੰ ਆਪ ਮੇਹਰ ਕਰਦਾ ਹੈਂ ।

(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ; ਹੇ ਨਾਨਕ ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ।੭।




ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥ ਸਦਾ ਸਦਾ ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ ਸੋ ਹੋਇ ਕਰਣੈਹਾਰੁ ਪਛਾਣੈ ਸੋਇ ॥
ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥ ਜੈਸਾ ਸਾ ਤੈਸਾ ਦ੍ਰਿਸਟਾਨਾ ॥
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥ ਓਇ ਸੁਖ ਨਿਧਾਨ ਉਨਹੂ ਬਨਿ ਆਏ
ਆਪਸ ਕਉ ਆਪਿ ਦੀਨੋ ਮਾਨੁ ॥ ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥ {ਪੰਨਾ ੨੮੨}



ਪਦ ਅਰਥ :—
ਰੰਗਿ—ਮੌਜ ਵਿਚ, ਰਜ਼ਾ ਵਿਚ । ਸਹਜ ਸੁਭਾਇ—ਸੁਤੇ ਹੀ, ਸੁਭਾਵਕ ਹੀ । ਜਨ—ਸੇਵਕਾਂ ਨੂੰ । ਮੀਠ ਲਗਾਨਾ—ਮਿੱਠਾ ਲੱਗਦਾ ਹੈ । ਦ੍ਰਿਸਟਾਨਾ—ਦ੍ਰਿਸ਼ਟੀ ਆਉਂਦਾ ਹੈ । ਉਪਜੇ—ਪੈਦਾ ਹੋਏ । ਓਇ—ਪ੍ਰਭੂ ਦੇ ਉਹ ਸੇਵਕ । ਸੁਖ ਨਿਧਾਨ—ਸੁਖਾਂ ਦੇ ਖ਼ਜ਼ਾਨੇ । ਉਨਹੂ—ਉਹਨਾਂ ਨੂੰ ਹੀ ਬਨਿ ਆਏ—ਫੱਬਦੀ ਹੈ । ਆਪਸ ਕਉ—ਆਪਣੇ ਆਪ ਨੂੰ ।



ਅਰਥ :—
(ਪ੍ਰਭੂ ਦਾ ਸੇਵਕ) ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ ਤੇ ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ ।

ਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ, ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ ।

(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ, (ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ ।

ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ, ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ ।

ਹੇ ਨਾਨਕ ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ, (ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ) ।੮।੧੪।