Tuesday 16 April 2013

Sukhmani Sahib (7-8)



ਸਲੋਕੁ ॥
ਅਗਮ ਅਗਾਧਿ ਪਾਰਬ੍ਰਹਮੁ ਸੋਇ ॥ ਜੋ ਜੋ ਕਹੈ ਸੁ ਮੁਕਤਾ ਹੋਇ ॥
ਸੁਨਿ ਮੀਤਾ ਨਾਨਕੁ ਬਿਨਵੰਤਾ ॥ ਸਾਧ ਜਨਾ ਕੀ ਅਚਰਜ ਕਥਾ ॥੧॥


ਪਦ ਅਰਥ:
ਅਗਮ = ਜਿਸ ਤਕ ਪਹੁੰਚ ਨਾ ਹੋ ਸਕੇ ਅਗਾਧਿ = ਅਥਾਹ ਕਹੈ = ਆਖਦਾ ਹੈ, ਸਲਾਹੁੰਦਾ ਹੈ ਮੁਕਤਾ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਮੀਤਾ = ਹੇ ਮਿਤ੍ਰ ! ਨਾਨਕੁ ਬਿਨਵੰਤਾ = ਨਾਨਕ ਬੇਨਤੀ ਕਰਦਾ ਹੈ ਸਾਧ = ਉਹ ਮਨੁੱਖ ਜਿਸ ਨੇ ਆਪਣੇ ਆਪ ਨੂੰ ਸਾਧਿਆ ਹੈ, ਜਿਸ ਨੇ ਆਪਣੇ ਮਨ ਨੂੰ ਵੱਸ ਵਿਚ ਕੀਤਾ ਹੈ, ਗੁਰਮੁਖ ਅਚਰਜ = ਹੈਰਾਨ ਕਰਨ ਵਾਲੀ ਕਥਾ = ਜ਼ਿਕਰ, ਗੱਲ-ਬਾਤ ॥੧॥



ਅਰਥ:
ਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ। ਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ ਹੇ ਮਿਤ੍ਰ ! ਸੁਣ, ਨਾਨਕ ਬੇਨਤੀ ਕਰਦਾ ਹੈ: (ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ॥੧॥


ਅਸਟਪਦੀ ॥
ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ
ਸਾਧ ਕੈ ਸੰਗਿ ਮਿਟੈ ਅਭਿਮਾਨੁ ॥ ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ
ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥


ਪਦ ਅਰਥ:
ਊਜਲ = ਉਜਲਾ, ਸਾਫ਼ ਮੁਖ ਊਜਲ ਹੋਤ = ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ ਸਗਲੀ = ਸਾਰੀ ਖੋਤ = ਨਾਸ ਹੋ ਜਾਂਦੀ ਹੈ ਸੁ ਗਿਆਨੁ = ਸ੍ਰੇਸ਼ਟ ਗਿਆਨ ਨੇਰਾ = ਨੇੜੇ, ਅੰਗ-ਸੰਗ ਨਿਬੇਰਾ = ਨਿਬੇੜਾ, ਫ਼ੈਸਲਾਏਕ ਊਪਰਿ = ਇਕ ਪ੍ਰਭੂ ਦੇ ਮਿਲਣ ਲਈ ਮਹਿਮਾ = ਵਡਿਆਈ ਬਰਨੈ = ਬਿਆਨ ਕਰੇ ਪ੍ਰਭ ਮਾਹਿ ਸਮਾਨੀ = ਪ੍ਰਭੂ ਵਿਚ ਟਿਕੀ ਹੋਈ ਹੈ, ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ॥੧॥



ਅਰਥ:
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ ਸਾਧੂਆਂ ਦੀ ਸੰਗਤ ਵਿਚ ਅਹੰਕਾਰ ਦੂਰ ਹੁੰਦਾ ਹੈ, ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮੱਤ ਆਉਂਦੀ ਹੈ)। ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ, (ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ)। ਗੁਰਮੁਖਾਂ ਦੀ ਸੰਗਤ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ, ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ? (ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥



ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧ ਸੰਗਿ ਅੰਮ੍ਰਿਤ ਰਸੁ ਭੁੰਚਾ ॥
ਸਾਧ ਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥
ਸਾਧ ਕੈ ਸੰਗਿ ਨ ਕਤਹੂੰ ਧਾਵੈ ॥ ਸਾਧ ਸੰਗਿ ਅਸਥਿਤਿ ਮਨੁ ਪਾਵੈ ॥
ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧ ਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥ {ਪੰਨਾ ੨੭੧}


ਪਦ ਅਰਥ :—ਗੋ—ਗਿਆਨ-ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ । ਗੋਚਰ—(ਸ਼ਕਟ. ੇਚਰ) ਸਰੀਰਕ ਇੰਦ੍ਰਿਆਂ ਦੀ ਪਹੁੰਚ । ਅਗੋਚਰ—ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ । ਪਰਫੁਲੈ—ਖਿੜਦਾ ਹੈ । ਬਸਿ—ਕਾਬੂ ਵਿਚ । ਪੰਚ—ਪੰਜ (ਪ੍ਰਸਿੱਧ ਵਿਕਾਰ); ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅੰਮ੍ਰਿਤ ਰਸੁ—ਨਾਮ ਰੂਪ ਅੰਮ੍ਰਿਤ ਦਾ ਸੁਆਦ । ਭੁੰਚਾ—ਚੱਖਿਆ । ਰੇਨ—(ਚਰਨਾਂ ਦੀ) ਧੂੜ । ਮਨੋਹਰ—ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ । ਬੈਨ—ਬਚਨ, ਬੋਲਕਤਹੂੰ—ਕਿਸੇ ਪਾਸੇ । ਧਾਵੈ—ਦੌੜਦਾ । ਅਸਥਿਤਿਟਿਕਾਉ । ਭਿੰਨ—ਵੱਖਰਾ, ਨਿਰਲੇਪ, ਬੇ-ਦਾਗ਼ ।

ਅਰਥ :ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ; ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ ।

ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ, (ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ ।

ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ ।

ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ, ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ ।

ਹੇ ਨਾਨਕ ! ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ ਅਤੇ ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ੨।








ਸਾਧ ਸੰਗਿ ਦੁਸਮਨ ਸਭਿ ਮੀਤ ॥ ਸਾਧੂ ਕੈ ਸੰਗਿ ਮਹਾ ਪੁਨੀਤ ॥
ਸਾਧ ਸੰਗਿ ਕਿਸ ਸਿਉ ਨਹੀ ਬੈਰੁ ਸਾਧ ਕੈ ਸੰਗਿ ਨ ਬੀਗਾ ਪੈਰੁ ॥
ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧ ਸੰਗਿ ਜਾਨੇ ਪਰਮਾਨੰਦਾ ॥
ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸਾਧ ਕੈ ਸੰਗਿ ਤਜੈ ਸਭੁ ਆਪੁ ॥
ਆਪੇ ਜਾਨੈ ਸਾਧ ਬਡਾਈ ॥ ਨਾਨਕ ਸਾਧ ਪ੍ਰਭੂ ਬਨਿ ਆਈ ॥੩॥ {ਪੰਨਾ ੨੭੧}

ਪਦ ਅਰਥ :— 
ਮਹਾ ਪੁਨੀਤ—ਬਹੁਤ ਪਵਿਤ੍ਰ । ਬੈਰੁ—ਵੈਰ । ਬੀਗਾ—ਵਿੰਗਾ । ਬੀਗਾ ਬੈਰੁ—ਵਿੰੰਗਾ ਪੈਰ, ਵਿੰਗੇ ਪਾਸੇ ਕਦਮ । ਕੋ—ਕੋਈ ਮਨੁੱਖ । ਪਰਮਾਨੰਦਾ—ਪਰਮ-ਆਨੰਦਾ, ਸਭ ਤੋਂ ਉੱਚੇ ਸੁਖ ਦਾ ਮਾਲਕ । ਹਉ—ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖ਼ਿਆਲ । ਆਪੁ—ਆਪਾ-ਭਾਵ, ਹਉਮੈ ਤਜੈ—ਦੂਰ ਕਰ ਦੇਂਦਾ ਹੈ । ਸਾਧ ਬਡਾਈ—ਸਾਧ ਦੀ ਵਡਿਆਈ । ਬਨਿ ਆਈ—ਪੱਕੀ ਪ੍ਰੀਤ ਬੱਝ ਜਾਂਦੀ ਹੈ ।

ਅਰਥ :— 
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ), (ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ ।

ਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ ।

ਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ, (ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ ।

ਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ, (ਕਿਉਂਕਿ) ਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ ।

ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ, (ਕਿਉਂਕਿ) ਹੇ ਨਾਨਕ ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ।੩।





ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ਅਜਰੁ ਸਹੈ ॥
ਸਾਧ ਕੈ ਸੰਗਿ ਬਸੈ ਥਾਨਿ ਊਚੈ ਸਾਧੂ ਕੈ ਸੰਗਿ ਮਹਲਿ ਪਹੂਚੈ ॥
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ ਨਾਨਕ ਸਾਧੂ ਕੈ ਕੁਰਬਾਨ ॥੪॥ (ਅੰਗ ੨੭੧)


ਪਦ ਅਰਥ:
ਕਬਹੂ = ਕਦੇ ਭੀ। ਧਾਵੈ = ਦੌੜਦਾ, ਭਟਕਦਾ। ਬਸਤੁ = ਚੀਜ਼, ਵਸਤ। ਅਗੋਚਰ = ਜਿਸ ਤਾਈਂ ਸਰੀਰਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਲਹੈ = ਲੱਭ ਲੈਂਦਾ ਹੈ। ਅਜਰੁ = (ਉਹ ਮਰਤਬਾ) ਜੋ ਜਰਿਆ ਨ ਜਾ ਸਕੇ। ਥਾਨਿ ਊਚੈ = ਉੱਚੇ ਥਾਂ ਤੇ। ਮਹਲਿ = ਮਹਲ ਵਿਚ, ਪ੍ਰਭੂ ਦੇ ਟਿਕਾਣੇ ਤੇ। ਦ੍ਰਿੜੈ = ਦ੍ਰਿੜ੍ਹ ਕਰ ਲੈਂਦਾ ਹੈ, ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਸਭਿ = ਸਾਰੇ। ਧਰਮ = ਫ਼ਰਜ਼। ਨਿਧਾਨ = ਖ਼ਜ਼ਾਨਾ। ਕੁਰਬਾਨ = ਸਦਕੇ ॥੪॥



ਅਰਥ:
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ, (ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ। ਸੰਤ ਜਨਾਂ ਦੀ ਸੰਗਤ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ, (ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ। ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ, ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਸੰਤਾਂ ਦੀ ਸੰਗਤ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ, ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ)। ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ; (ਤਾਂ ਤੇ) ਹੇ ਨਾਨਕ! ਮੈਂ ਸਾਧ ਜਨਾਂ ਤੋਂ ਸਦਕੇ ਹਾਂ ॥੪॥


ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧ ਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
ਸਾਧੂ ਕੈ ਸੰਗਿ ਸੋ ਧਨੁ ਪਾਵੈ ॥ ਜਿਸੁ ਧਨ ਤੇ ਸਭੁ ਕੋ ਵਰਸਾਵੈ ॥
ਸਾਧ ਸੰਗਿ ਧਰਮਰਾਇ ਕਰੇ ਸੇਵਾ ॥ ਸਾਧ ਕੈ ਸੰਗਿ ਸੋਭਾ ਸੁਰ ਦੇਵਾ ॥
ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧ ਸੰਗਿ ਅੰਮ੍ਰਿਤ ਗੁਨ ਗਾਇਨ ॥
            ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ  {ਪੰਨਾ ੨੭੧-੨੭੨}



ਪਦ ਅਰਥ :—ਉਧਾਰੈ—ਬਚਾ ਲੈਂਦਾ ਹੈ । ਕੁਟੰਬ—ਪਰਵਾਰ । ਨਿਸਤਾਰੈ—ਤਾਰ ਲੈਂਦਾ ਹੈ । ਸਭੁ ਕੋ—ਹਰੇਕ ਜੀਵ । ਵਰਸਾਵੈ - ਬਲਵਾਨ ਹੋ ਜਾਂਦਾ ਹੈ, ਨਾਮਣੇ ਵਾਲਾ ਹੋ ਜਾਂਦਾ ਹੈ । ਸੁਰ—ਦੇਵਤੇ । ਪਲਾਇਨ ਨਾਸ ਹੋ ਜਾਂਦੇ ਹਨ । ਸ੍ਰਬ—ਸਰਬ, ਸਾਰੇਗੰਮਿ—ਪਹੁੰਚ ।

ਅਰਥ :—ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ ਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ ।

ਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ, ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ ।

ਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ ਅਤੇ (ਦੇਵਤੇ ਭੀ) ਸੋਭਾ ਕਰਦੇ ਹਨ ।

ਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ, (ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ ।

ਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ); ਹੇ ਨਾਨਕ ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ।

ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥
ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧ ਸੰਗਿ ਬਿਛੁਰਤ ਹਰਿ ਮੇਲਾ ॥
ਜੋ ਇਛੈ ਸੋਈ ਫਲੁ ਪਾਵੈ ॥ ਸਾਧ ਕੈ ਸੰਗਿ ਨ ਬਿਰਥਾ ਜਾਵੈ ॥
ਪਾਰਬ੍ਰਹਮੁ ਸਾਧ ਰਿਦ ਬਸੈ ॥ ਨਾਨਕ ਉਧਰੈ ਸਾਧ ਸੁਨਿ ਰਸੈ ॥੬॥ {ਪੰਨਾ ੨੭੨}

ਪਦ ਅਰਥ :ਘਾਲ—ਮੇਹਨਤ, ਤਪ ਆਦਿਕ ਸਹਾਰਨੇ । ਹੋਤ—ਹੋ ਜਾਈਦਾ ਹੈ । ਨਿਹਾਲ—ਪ੍ਰਸੰਨ । ਕਲੂਖਤ—ਪਾਪ, ਵਿਕਾਰ । ਹਰੈ—ਦੂਰ ਕਰ ਲੈਂਦਾ ਹੈ । ਪਰਹਰੈ—ਪਰੇ ਹਟਾ ਲੈਂਦਾ ਹੈ । ਈਹਾ—ਇਸ ਜਨਮ ਵਿਚ, ਇਸ ਲੋਕ ਵਿਚ । ਊਹਾ—ਪਰਲੋਕ ਵਿਚ । ਸੁਹੇਲਾ—ਸੁਖੀ । ਬਿਛੁਰਤ—(ਪ੍ਰਭੂ ਤੋਂ) ਵਿਛੁੜੇ ਹੋਏ ਦਾ । ਇਛੈ—ਚਾਹੁੰਦਾ ਹੈ । ਬਿਰਥਾ—ਖ਼ਾਲੀ, ਸੱਖਣਾ ਰਿਦ—ਹਿਰਦਾ । ਸਾਧ ਰਸੈ—ਸਾਧੂ ਦੀ ਰਸਨਾ ਤੋਂ, ਜੀਭ ਤੋਂ ।

ਅਰਥ :—ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ, (ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ ।

ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ, (ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ ।

ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ ।

ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਬੇ-ਮੁਰਾਦ ਹੋ ਕੇ ਨਹੀਂ ਜਾਂਦਾ, (ਸਗੋਂ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ ।

ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ; ਹੇ ਨਾਨਕ ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ।੬।



ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥
ਸਾਧਸੰਗਿ ਭਏ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥
ਸਾਧ ਕੈ ਸੰਗਿ ਮਿਟੇ ਸਭਿ ਰੋਗ ॥ ਨਾਨਕ ਸਾਧ ਭੇਟੇ ਸੰਜੋਗ ॥੭॥ (ਅੰਗ ੨੭੨)


ਪਦ ਅਰਥ:
ਸੁਨਉ = ਮੈਂ ਸੁਣਾਂ। ਗਾਉ = ਮੈਂ ਗਾਵਾਂ। ਬਿਸਰੈ = ਭੁੱਲ ਜਾਏ। ਸਰਪਰ = ਜ਼ਰੂਰ। ਘਟਿ ਘਟਿ = ਹਰੇਕ ਸਰੀਰ ਵਿਚ। ਆਗਿਆਕਾਰੀ = ਪ੍ਰਭੂ ਦਾ ਹੁਕਮ ਮੰਨਣ ਵਾਲੇ। ਗਤਿ = ਚੰਗੀ ਹਾਲਤ। ਭੇਟੇ = ਮਿਲਦੇ ਹਨ। ਸੰਜੋਗ = ਭਾਗਾਂ ਨਾਲ ॥੭॥



ਅਰਥ:
ਮੈਂ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ, ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)। ਸੰਤਾਂ ਦੀ ਸੰਗਤ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ, ਸਾਧ ਜਨਾਂ ਦੀ ਸੰਗਤ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ। ਭਲਿਆਂ ਦੀ ਸੰਗਤ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ, ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ। ਸਾਧੂਆਂ ਦੀ ਸੰਗਤ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ, ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ। ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ; ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥



ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥
ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥
ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭(ਅੰਗ ੨੭੧)






ਪਦ ਅਰਥ:
ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ। ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ।ਉਪਮਾ = ਸਮਾਨਤਾ। ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ। ਮੂਚ = ਵੱਡੀ। ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ। ਭੇਦੁ = ਫ਼ਰਕ। ਭਾਈ = ਹੇ ਭਾਈ! ॥੮॥



ਅਰਥ:
ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ, ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)। ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ) ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ। ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ। ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ, ਤੇ ਬਹੁਤ ਵੱਡੀ ਹੈ। ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ, ਨਾਨਾਕ ਆਖਦਾ ਹੈ ਕਿ ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥



ਸਲੋਕੁ ॥
ਮਨਿ ਸਾਚਾ ਮੁਖਿ ਸਾਚਾ ਸੋਇ ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ (ਅੰਗ ੨੭੨)


ਪਦ ਅਰਥ:
ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਮੁਖਿ = ਮੂੰਹ ਵਿਚ। ਅਵਰੁ ਕੋਇ = ਕੋਈ ਹੋਰ। ਪੇਖੈ = ਵੇਖਦਾ ਹੈ। ਏਕਸੁ ਬਿਨੁ = ਇਕ ਪ੍ਰਭੂ ਤੋਂ ਬਿਨਾ। ਇਹ ਲਛਣ = ਇਹਨਾਂ ਲੱਛਣਾਂ ਦੇ ਕਾਰਣ, ਇਹਨਾਂ ਗੁਣਾਂ ਨਾਲ। ਬ੍ਰਹਮਗਿਆਨੀ = ਅਕਾਲ ਪੁਰਖ ਦੇ ਗਿਆਨ ਵਾਲਾ। ਗਿਆਨ = ਜਾਣ-ਪਛਾਣ, ਡੂੰਘੀ ਸਾਂਝ ॥੧॥



ਅਰਥ:
(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ), (ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ, ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥


ਅਸਟਪਦੀ ॥
ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ ਬ੍ਰ
ਹਮ ਗਿਆਨੀ ਕੈ ਧੀਰਜੁ ਏਕ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥



ਪਦ ਅਰਥ:
ਨਿਰਲੇਪ = ਬੇਦਾਗ਼। ਅਲੇਪ = (ਚਿੱਕੜ ਤੋਂ) ਸਾਫ਼। ਨਿਰਦੋਖ = ਦੋਖ-ਰਹਿਤ, ਪਾਪਾਂ ਤੋਂ ਬਰੀ। ਸੂਰੁ = ਸੂਰਜ। ਸੋਖ = ਸੁਕਾਉਣ ਵਾਲਾ। ਦ੍ਰਿਸਟਿ = ਨਜ਼ਰ। ਸਮਾਨਿ = ਇਕੋ ਜਿਹੀ। ਰੰਕ = ਕੰਗਾਲ। ਤੁਲਿ = ਬਰਾਬਰ। ਪਵਾਨ = ਪਵਨ, ਹਵਾ। ਏਕ = ਇਕ-ਤਾਰ। ਬਸੁਧਾ = ਧਰਤੀ। ਲੇਪ = ਪੋਚੈ, ਲੇਪਣ। ਗੁਨਾਉ = ਗੁਣ। ਪਾਵਕ = ਅੱਗ। ਸਹਜ = ਕੁਦਰਤੀ ॥੧॥



ਅਰਥ:
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ) ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ। ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ, ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ। (ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ, ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ, ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ੧॥



ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥
ਬ੍ਰਹਮ ਗਿਆਨੀ ਸੇ ਜਨ ਭਏਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥ (ਅੰਗ ੨੭੨)


ਪਦ ਅਰਥ:
ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਗਿਆਨ। ਧਰ = ਧਰਤੀ। ਸਤ੍ਰੁ = ਵੈਰੀ। ਜਿਨ = ਜਿਨ੍ਹਾਂ ਨੂੰ। ਕਰੇਇ = ਕਰਦਾ ਹੈ, ਬਣਾਉਂਦਾ ਹੈ



ਅਰਥ:
ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ, ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।) ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ) ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।) ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ, (ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)। ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ, (ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)। ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ, ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥


ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
ਬ੍ਰਹਮ ਗਿਆਨੀ ਸਦਾ ਸਮਦਰਸੀ ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ(ਅੰਗ ੨੭੨)



ਪਦ ਅਰਥ:
ਰੀਨਾ (ਚਰਨਾਂ ਦੀ) ਧੂੜ। ਆਤਮ ਰਸੁ = ਆਤਮਾ ਦਾ ਆਨੰਦ। ਚੀਨਾ = ਪਛਾਣਿਆ ਹੈ। ਮਇਆ = ਖ਼ੁਸ਼ੀ, ਪ੍ਰਸੰਨਤਾ, ਮੇਹਰ। ਕਛੁ = ਕੋਈ, ਕੋਈ (ਕੰਮ ਜਾਂ ਗੱਲ)। ਸਭਦਰਸੀ = (ਸਭ ਵਲ) ਇਕੋ ਜਿਹਾ ਵੇਖਣ ਵਾਲਾ। ਬਰਸੀ = ਵਰਖਾ ਕਰਨ ਵਾਲੀ। ਮੁਕਤਾ = ਆਜ਼ਾਦ। ਜੁਗਤਾ = ਜੁਗਤੀ, ਤਰੀਕਾ, ਮਰਯਾਦਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ।



ਅਰਥ:
ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ; ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ। ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ) ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ। ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ, ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ। (ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ), ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩



ਬ੍ਰਹਮ ਗਿਆਨੀ ਏਕ ਊਪਰਿ ਆਸ ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥ ਬ੍ਰਹਮ ਗਿਆਨੀ ਸੁਫਲ ਫਲਾ
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥ (ਅੰਗ ੨੭੩)

ਪਦ ਅਰਥ:
ਆਸ = ਟੇਕ, ਆਸਰਾ। ਬਿਨਾਸ = ਨਾਸ, ਅਭਾਵ। ਬ੍ਰਹਮਗਿਆਨੀ ਕੈ = ਬ੍ਰਹਮਗਿਆਨੀ ਦੇ ਮਨ ਵਿਚਸਮਾਹਾ = ਸਮਾਈ ਹੋਈ ਹੈ, ਟਿਕੀ ਹੋਈ ਹੈ। ਉਮਾਹਾ = ਉਤਸ਼ਾਹ, ਚਾਉ। ਲੇ = ਲੈ ਕੇ, ਕਾਬੂ ਕਰ ਕੇਬੰਧਾ = ਰੋਕ ਰੱਖਦਾ ਹੈ, ਬੰਨ੍ਹ ਰੱਖਦਾ ਹੈ। ਸੁਫਲ = ਚੰਗੇ ਫਲ ਵਾਲਾ ਹੋ ਕੇ, ਚੰਗੀ ਮੁਰਾਦ ਨਾਲ। ਫਲਾ = ਫਲਦਾ ਹੈ, ਕਾਮਯਾਬ ਹੁੰਦਾ ਹੈ। ਬ੍ਰਹਮਗਿਆਨੀ ਜਪੈ = ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ ॥੪॥



ਅਰਥ:
ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ; ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ। ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ, ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ। ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ, (ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ। ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ, ਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ। ਬ੍ਰਹਮਗਿਆਨੀ ਦੀ ਸੰਗਤ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ, (ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥



ਬ੍ਰਹਮ ਗਿਆਨੀ ਕੈ ਏਕੈ ਰੰਗ ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
ਬ੍ਰਹਮ ਗਿਆਨੀ ਸਦਾ ਸਦ ਜਾਗਤ ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ੫॥ (ਅੰਗ ੨੭੩)


ਪਦ ਅਰਥ:
ਏਕੈ = ਇਕ ਪ੍ਰਭੂ ਦਾ। ਰੰਗ = ਪਿਆਰ। ਸੰਗ = ਸੰਗਿ, ਨਾਲ। ਅਧਾਰੁ = ਆਸਰਾ। ਸਦ = ਸਦਾ। ਅਹੰਬੁਧਿ = 'ਮੈਂ ਮੈਂ' (ਆਖਣ) ਵਾਲੀ ਬੁਧਿ, ਅਹੰਕਾਰ ਵਾਲੀ ਮੱਤਿ। ਤਿਆਗਤ = ਛੱਡ ਦੇਂਦਾ ਹੈ। ਮਨਿ = ਮਨ ਵਿਚ। ਪਰਮਾਨੰਦ = ਪਰਮ ਅਨੰਦ ਵਾਲਾ ਪ੍ਰਭੂ, ਉੱਚੇ ਸੁਖ ਦਾ ਮਾਲਕ ਅਕਾਲ ਪੁਰਖਸਹਜ = ਅਡੋਲਤਾ ਦੀ ਹਾਲਤ। ਬਿਨਾਸ = ਨਾਸ, ਅਭਾਵ ॥੫॥



ਅਰਥ:
ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ), (ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ। ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ, ਅਤੇ ਨਾਮ ਹੀ ਉਸ ਦਾ ਪਰਵਾਰ ਹੈ। ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ, ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ। ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ, (ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ। ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ; (ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥



ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਬ੍ਰਹਮ ਗਿਆਨੀ ਕਾ ਬਡ ਪਰਤਾਪ ॥
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥ (ਅੰਗ ੨੭੩)


ਪਦ ਅਰਥ:
ਬੇਤਾ = ਜਾਣਨ ਵਾਲਾ, ਮਹਿਰਮ, ਵਾਕਿਫ਼। ਏਕ ਸੰਗਿ = ਇਕ ਪ੍ਰਭੂ ਨਾਲ। ਹੇਤਾ = ਪਿਆਰ। ਅਚਿੰਤ = ਅਚਿੰਤਤਾ, ਬੇਫ਼ਿਕਰੀ। ਨਿਰਮਲ = ਮਲ-ਹੀਣ, ਪਵਿਤ੍ਰ ਕਰਨ ਵਾਲਾ। ਮੰਤ = ਮੰਤਰ, ਉਪਦੇਸ਼। ਬਡ = ਵੱਡਾ। ਦਰਸੁ = ਦਰਸਨ। ਪਾਈਐ = ਪਾਈਦਾ ਹੈ। ਬਲਿ ਬਲਿ = ਸਦਕੇ। ਖੋਜਹਿ = ਖੋਜਦੇ ਹਨ, ਭਾਲਦੇ ਹਨ। ਮਹੇਸੁਰ = ਮਹਾ ਈਸੁਰ, ਸ਼ਿਵ ਜੀ (ਆਦਿਕ ਦੇਵਤੇ)। ਪਰਮੇਸੁਰ = ਪਰਮਾਤਮਾ, ਅਕਾਲ ਪੁਰਖ ॥੬॥



ਅਰਥ:
ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ, ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ, ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ। (ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ, ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ। ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ; ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ। ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ; ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ



ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥ (ਅੰਗ ੨੭੩)


ਪਦ ਅਰਥ:
ਸਗਲ = ਸਾਰੇ। ਮਨ ਮਾਹਿ = ਮਨ ਵਿਚ। ਭੇਦੁ = ਰਾਜ਼, ਮਰਮ। ਅਦੇਸੁ = ਪ੍ਰਣਾਮ, ਨਮਸਕਾਰ। ਅਦਾਖ੍ਯ੍ਯਰ = (ਮਹਿਮਾ ਦਾ) ਅੱਧਾ ਅੱਖਰ (ਭੀ)। ਮਿਤਿ = ਮਾਪ, ਮਰਯਾਦਾ, ਅੰਦਾਜ਼ਾ। ਬਖਾਨੈ = ਬਿਆਨ ਕਰੇ। ਗਤਿ = ਹਾਲਤ।



ਅਰਥ:
ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ, ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ। ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ? ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ। ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ; ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ। ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ? ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ। ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ; ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥



ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥ (ਅੰਗ ੨੭੩)


ਪਦ ਅਰਥ:
ਸ੍ਰਿਸਟਿ = ਦੁਨੀਆ। ਸਦ = ਸਦਾ। ਮੁਕਤਿ ਜੁਗਤਿ = ਮੁਕਤੀ ਦਾ ਰਸਤਾ। ਜੀਅ ਕਾ ਦਾਤਾ = (ਆਤਮਕ) ਜ਼ਿੰਦਗੀ ਦੇਣ ਵਾਲਾ। ਬਿਧਾਤਾ = ਪੈਦਾ ਕਰਨ ਵਾਲਾ। ਪੂਰਨ ਪੁਰਖੁ = ਸਭ ਵਿਚ ਵਿਆਪਕ ਪ੍ਰਭੂ। ਨਾਥੁ = ਖਸਮ। ਸਭ ਊਪਰਿ ਹਾਥੁ = ਸਭ ਦੀ ਸਹਾਇਤਾ ਕਰਦਾ ਹੈ। ਸਗਲ ਅਕਾਰੁ = ਸਾਰਾ ਦਿੱਸਦਾ ਸੰਸਾਰ। ਅਕਾਰੁ = ਸਰੂਪ। ਬਨੀ = ਫਬਦੀ ਹੈ। ਧਨੀ = ਮਾਲਕ ੮॥



ਅਰਥ:
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ, ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ। ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ। ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ, ਸਭ ਦੀ ਸਹਾਇਤਾ ਕਰਦਾ ਹੈ। ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ, ਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ। ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ; ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥


No comments:

Post a Comment