Friday 1 March 2013

Sukhmani Sahib (1-6)


ੴ ਸਤਿਗੁਰ ਪ੍ਰਸਾਦਿ ॥
ਗਉੜੀ ਸੁਖਮਨੀ ਮ: ੫ ॥
ਸਲੋਕੁ ॥
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥

ਪਦ ਅਰਥ :
ਨਮਹ- ਨਮਸਕਾਰ । ਗੁਰਏ- (ਸਭ ਤੋਂ) ਵੱਡੇ । ਆਦਿ- (ਸਭ ਦਾ) ਮੁੱਢ । ਜੁਗਾਦਿ- (ਜੋ) ਜੁੱਗਾਂ ਦੇ ਮੁੱਢ ਤੋਂ ਹੈ । ਸਤਿਗੁਰਏ- ਸਤਿਗੁਰੂ । ਸ੍ਰੀ ਗੁਰਦੇਵਏ- ਸ੍ਰੀ ਗੁਰੂ ਜੀ ।੧।
ਅਰਥ:
(
ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ । ਸਤਿਗੁਰੂ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ (ਮੇਰੀ) ਨਮਸਕਾਰ ਹੈ ।੧।
ਅਸਟਪਦੀ ॥
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖਰ ॥ ਕੀਨੇ ਰਾਮ ਨਾਮ ਇਕ ਆਖਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ (ਅੰਗ ੨੬੨)

ਪਦ ਅਰਥ :
ਅਸਟਪਦੀ- (ਅੱਠ ਪਦਾਂ ਵਾਲੀ, ਅੱਠ ਬੰਦਾਂ ਵਾਲੀ) । ਸਿਮਰਉ- ਮੈਂ ਸਿਮਰਾਂ । ਸਿਮਰਿ- ਸਿਮਰ ਕੇ । ਕਲਿ- ਝਗੜੇ । ਮਾਹਿ- ਵਿਚ । ਮਿਟਾਵਉ- ਮਿਟਾ ਲਵਾਂ । ਜਾਸੁ- ਜਿਸ । ਬਿਸੰਭਰ- ਜਗਤ ਪਾਲਕ {ਬਿਸੰ -ਜਗਤ , ਭਰ - ਪਾਲਕ} । ਜਾਸੁ- ਨਾਮੁ (ਹਰੀ) ਦਾ ਨਾਮ । ਇਕ ਆਖਰ- ਅਕਾਲ ਪੁਰਖ । ਸੁਧਾਖਰ- ਸੁੱਧ ਅੱਖਰ, ਪਵਿਤ੍ਰ ਲਫ਼ਜ਼ । ਜਿਸੁ ਜੀਅ -ਜਿਸ ਦੇ ਜੀ ਵਿਚ । ਮਹਿਮਾ- ਵਡਿਆਈ । ਕਾਂਖੀ- ਚਾਹਵਾਨ । ਉਨ ਸੰਗਿ- ਉਹਨਾਂ ਦੀ ਸੰਗਤਿ ਵਿਚ (ਰੱਖ ਕੇ) । ਉਧਾਰੋ-ਬਚਾ ਲਵੋ ੧।
ਅਰਥ :
ਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁੱਖ ਹਾਸਲ ਕਰਾਂ; (ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ । ਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ ਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਦੇ ਨਾਮ ਨੂੰ) ਸਿਮਰਾਂ ।
ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ । ਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਆਪਣਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ । (ਹੇ ਅਕਾਲ ਪੁਰਖ !) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਉਹਨਾਂ ਦੀ ਸੰਗਤਿ ਵਿੱਚ (ਰੱਖ ਕੇ) ਮੈਨੂੰ  ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ।੧।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥

ਪਦ ਅਰਥ :
ਸੁਖਮਨੀ- ਸੁੱਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁੱਖ । ਪ੍ਰਭ ਨਾਮੁ- ਪ੍ਰਭੂ ਦਾ ਨਾਮ । ਮਨਿ-ਮਨ ਵਿਚ । ਭਗਤ ਜਨਾ ਕੈ ਮਨਿ- ਭਗਤ ਜਨਾਂ ਦੇ ਮਨ ਵਿੱਚ । ਬਿਸ੍ਰਾਮ- ਟਿਕਾਣਾ । ਰਹਾਉ।
ਅਰਥ :
ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ ।



                              ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
                               ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
                           ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
                             ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
                          ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥

ਪਦ ਅਰਥ :

ਸਿਮਰਨਿ- ਸਿਮਰਨ ਦੁਆਰਾ, ਸਿਮਰਨ ਕਰਨ ਨਾਲ । ਪ੍ਰਭ ਕੈ ਸਿਮਰਨਿ- ਪ੍ਰਭੂ ਦਾ ਸਿਮਰਨ ਕਰਨ ਨਾਲ । ਗਰਭਿ- ਗਰਭ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ, ਜਨਮ (ਮਰਨ) ਵਿਚ । ਪਰਹਰੈ- ਪਰੇ ਹਟ ਜਾਂਦਾ ਹੈ । ਟਰੈ- ਟਲ ਜਾਂਦਾ ਹੈ । ਸਿਮਰਤ- ਸਿਮਰਦਿਆਂ, ਸਿਮਰਨ ਕੀਤਿਆਂ । ਕਛੁ- ਕੋਈ । ਬਿਘਨੁ- ਰੁਕਾਵਟ, ਔਕੜ । ਅਨਦਿਨੁ- ਹਰ ਰੋਜ਼ । ਜਾਗੈ- ਸੁਚੇਤ ਰਹਿੰਦਾ ਹੈ । ਭਉ- ਡਰ । ਬਿਆਪੈ- ਜ਼ੋਰ ਪਾਉਂਦਾ ਹੈ, ਗ਼ਲਬਾ ਪਾਉਂਦਾ ਹੈ । ਸੰਤਾਪੈ- ਤੰਗ ਕਰਦਾ ਹੈ । ਸਰਬ- ਸਾਰੇ । ਨਿਧਾਨ- ਖ਼ਜ਼ਾਨੇ । ਨਾਨਕ- ਹੇ ਨਾਨਕ!, ਰੰਗਿ -ਪਿਆਰ ਵਿਚ ।

ਅਰਥ :

ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ ।

ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ ।

ਪ੍ਰਭੂ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ।

ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ ।

ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤਿ ਵਿਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ ) ਹੇ ਨਾਨਕ ! ਅਕਾਲ ਪੁਰਖ ਦੇ ਪਿਆਰ ਵਿਚ (ਹੀ) (ਦੁਨੀਆ ਦੇ) ਸਾਰੇ ਖ਼ਜ਼ਾਨੇ (ਪ੍ਰਤੀਤ ਹੁੰਦੇ ਹਨ) ।੨।


ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥
ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥



ਪਦ ਅਰਥ :

ਰਿਧਿ- ਮਾਨਸਿਕ ਤਾਕਤ । ਸਿਧਿ : ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ । ਨਉ ਨਿਧਿ: ਕੁਬੇਰ- ਦੇਵਤੇ ਦੇ ਨੌ ਖ਼ਜ਼ਾਨੇ, ਭਾਵ, ਜਗਤ ਦਾ ਸਾਰਾ ਧਨ ਪਦਾਰਥ । ਤਤੁ- ਅਸਲੀਅਤ, ਜਗਤ ਦਾ ਮੂਲ । ਬੁਧਿ - ਅਕਲ, ਸਮਝ । ਬਿਨਸੈ-ਨਾਸ ਹੋ ਜਾਂਦਾ ਹੈ । ਮਾਨੀ-ਮਾਨ ਵਾਲਾ, ਇੱਜ਼ਤ ਵਾਲਾ । ਫਲਾ- ਫਲਿਆ, ਫਲ ਵਾਲਾ ਹੋਇਆ । ਸੁਫਲ-ਚੰਗੇ ਫਲ ਵਾਲਾ । ਸੁਫਲ ਫਲਾ(ਮਨੁੱਖਾ ਜਨਮ ਦਾ) ਉੱਚਾ ਮਨੋਰਥ ਮਿਲ ਜਾਂਦਾ ਹੈ । ਜਿਨ-ਜਿਨ੍ਹਾਂ । ਤਾ ਕੈ ਲਾਗਉ ਪਾਏ- ਉਹਨਾਂ ਦੇ ਪੈਰੀਂ ।


ਅਰਥ :

ਪ੍ਰਭੂ ਦੇ ਸਿਮਰਨ ਵਿਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ, ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤਿ ਦਾ ਟਿਕਾਉ ਤੇ ਜਗਤ ਦੇ ਮੂਲ (ਹਰੀ) ਦੀ ਸਮਝ ਵਾਲੀ ਬੁੱਧੀ ਹੈ । ਪ੍ਰਭੂ ਦੇ ਸਿਮਰਨ ਵਿਚ ਹੀ (ਸਾਰੇ) ਜਾਪ ਤਾਪ ਤੇ (ਦੇਵ-) ਪੂਜਾ ਹਨ, (ਕਿਉਂਕਿ) ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ । ਸਿਮਰਨ ਕਰਨ ਵਾਲਾ (ਆਤਮ-) ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ, ਤੇ, ਦਰਗਾਹ ਵਿਚ ਇੱਜ਼ਤ ਮਿਲਦੀ ਹੈ; ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ । (ਨਾਮ) ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪਿ ਪ੍ਰੇਰਦਾ ਹੈ, (ਤਾਂ ਤੇ, ਆਖ) ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ ।੩।


ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਪ੍ਰਭ ਕੈ ਸਿਮਰਨਿ ਪੂਰਨ ਆਸਾ ॥
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ ਨਾਨਕ ਜਨ ਕਾ ਦਾਸਨਿ ਦਸਨਾ ॥੪॥


ਪਦ ਅਰਥ :

ਉਧਰੇ- (ਵਿਕਾਰਾਂ ਤੋਂ) ਬਚ ਜਾਂਦੇ ਹਨ । ਮੂਚਾ- ਮਹਾਨ ਉੱਚਾ, ਬਹੁਤ ਸਾਰੇ । ਤਿਸਨਾ- (ਮਾਇਆ ਦੀ) ਤਿਹ । ਸਭੁ ਕਿਛੁ- ਹਰੇਕ ਗੱਲ । ਤਾਸ-ਡਰ । ਜਮ ਤ੍ਰਾਸਾ- ਜਮਾਂ ਦਾ ਡਰ । ਰਿਦ ਮਾਹਿ- ਹਿਰਦੇ ਵਿਚ । ਸਮਾਇ- ਟਿਕ ਜਾਂਦਾ ਹੈ । ਰਸਨਾ- ਜੀਭ । ਜਨ ਕਾ- ਜਨਾਂ ਦਾ, ਸਾਧਾਂ ਦਾ । ਸਾਧ- ਗੁਰਮੁਖ । ਦਾਸਨਿ ਦਸਨਾ- ਦਾਸਾਂ ਦਾ ਦਾਸ ।

ਅਰਥ :

ਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ; ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ ।

ਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤਿਹ ਮਿਟ ਜਾਂਦੀ ਹੈ, (ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ ।

ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ, ਤੇ, (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ) ।

ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ ।

ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਜਪਦੇ ਹਨ) । (ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ।੪।


ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥੫॥



ਪਦ ਅਰਥ :

ਸਿਮਰਹਿ-(ਜੋ) ਸਿਮਰਦੇ ਹਨ । ਸੇ- ਉਹ ਮਨੁੱਖ । ਧਨਵੰਤੇ- ਧਨ ਵਾਲੇ, ਧਨਾਢ । ਪਤਿਵੰਤੇ- ਇੱਜ਼ਤ ਵਾਲੇ । ਪਰਵਾਨ- ਕਬੂਲ, ਮੰਨੇ ਪ੍ਰਮੰਨੇ । ਪੁਰਖ- ਮਨੁੱਖ । ਪ੍ਰਧਾਨ- ਸ੍ਰੇਸ਼ਟ, ਚੰਗੇ । ਸਿ- ਸੇ, ਉਹ ਮਨੁੱਖ । ਬੇਮੁਹਤਾਜੇ- ਬੇ-ਮੁਥਾਜ, ਬੇ-ਪਰਵਾਹ । ਅਬਿਨਾਸੀ- ਨਾਸ-ਰਹਿਤ, ਜਨਮ ਮਰਨ ਤੋਂ ਰਹਿਤ । ਸਿਮਰਨਿ- ਸਿਮਰਨ ਵਿਚ । ਤੇ-ਉਹ ਮਨੁੱਖ । ਜਿਨ-ਜਿਨ੍ਹਾਂ ਉਤੇ । ਆਪਿ-ਪ੍ਰਭੂ ਆਪ । ਜਨ-ਸੇਵਕ । ਰਵਾਲਾ-ਚਰਨਾਂ ਦੀ ਧੂੜ ।

ਅਰਥ :

ਜੋ ਮਨੁੱਖ ਪ੍ਰਭੂ ਸਿਮਰਦੇ ਹਨ, ਉਹ ਧਨਾਢ ਹਨ, ਤੇ, ਉਹ ਇੱਜ਼ਤ ਵਾਲੇ ਹਨ ।

ਜੋ ਮਨੁਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ -ਪ੍ਰਮੰਨੇ ਹੋਏ ਹਨ, ਤੇ ਉਹ (ਸਭ ਮਨੁਖਾਂ ਤੋਂ ) ਚੰਗੇ ਹਨ |

ਜੋ ਮਨੁਖ ਪ੍ਰਭੂ ਨੂੰ ਸਿਮਰਦੇ ਹਨ , ਉਹ ਕਿਸੇ ਦੇ ਮੁਥਾਜ ਨਹੀਂ ਹਨ, ਉਹ ( ਤਾਂ ਸਗੋਂ ) ਸਭ ਦੇ ਬਾਦਸ਼ਾਹ ਹਨ |

ਜੋ ਮਨੁਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵਸਦੇ ਹਨ ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ |

(ਪਰ ) ਪ੍ਰਭ-ਸਿਮਰਨ ਵਿਚ ਉਹੀ ਮਨੁਖ ਲਗਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ ); ਹੇ ਨਾਨਕ ! (ਕੋਈ ਵਡ-ਭਾਗੀ ਹੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ |੫|


ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥ ਨਾਨਕ ਸਿਮਰਨੁ ਪੂਰੈ ਭਾਗਿ ॥੬॥



ਪਦ ਅਰਥ :-

ਉਪਕਾਰ-ਭਲਾਈ ,ਨੇਕੀ | ਉਪਕਾਰੀ- ਭਲਾਈ ਕਰਨ ਵਾਲਾ | ਪਰਉਪਕਾਰੀ- ਦੂਜਿਆ ਨਾਲ ਭਲਾਈ ਕਰਨ ਵਾਲੇ | ਤਿਨ- ਓਹਨਾਂ ਤੋਂ | ਸਦ- ਸਦਾ | ਬਲਿਹਾਰੀ- ਸਦਕੇ,ਕੁਰਬਾਨ | ਸੁਹਾਵੇ- ਸੋਹਣੇ | ਤਿਨ- ਓਹਨਾਂ ਦੀ | ਸੂਖਿ- ਸੁਖ ਵਿਚ | ਬਿਹਾਵੈ - ਬੀਤਦੀ ਹੈ | ਤਿਨ - ਓਹਨਾਂ ਨੇ | ਆਤਮੁ- ਆਪਣੇ ਆਪ ਨੂੰ | ਤਿਨ ਰੀਤਾ – ਓਹਨਾਂ ਦੀ ਰੀਤ | ਰੀਤ- ਜਿੰਦਗੀ ਗੁਜਾਰਨ ਦਾ ਤਰੀਕਾ | ਨਿਰਮਲ - ਮਾਲ-ਰਹਿਤ , ਪਵਿਤ੍ਰ | ਅਨਦ- ਆਨੰਦ , ਖੁਸ਼ੀਆਂ , ਸੁਖ | ਘਨੇਰੇ – ਬਹੁਤ | ਬਸਹਿ -ਵਸਦੇ ਹਨ | ਨੇਰੇ – ਨੇੜੇ | ਅਨਦਿਨੁ -ਹਰ ਰੋਜ, ਹਰ ਵੇਲੇ | ਜਾਗਿ -ਜਾਗ ਸਕੀਦਾ ਹੈ | ਨਾਨਕ – ਹੇ ਨਾਨਕ ! ਪੂਰੈ ਭਾਗਿ - ਪੂਰੀ ਕਿਸਮਤ ਨਾਲ |

ਅਰਥ:-

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ. ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ |

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲਗਦੇ) ਹਨ, ਉਹਨਾ ਦੀ ਉਮਰ ਸੁਖ ਵਿਚ ਗੁਜਰਦੀ ਹੈ|

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਅਤੇ ਉਹਨਾਂ ਦਾ ਜ਼ਿੰਦਗੀ ਗੁਜਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ |

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ, (ਕਿਉਂਕਿ) ਉਹ ਪ੍ਰਭੂ ਦੀ ਹਜੂਰੀ ਵਿਚ ਵਸਦੇ ਹਨ|

ਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ ) ਜਾਗ ਆ ਸਕਦੀ ਹੈ ; ਹੇ ਨਾਨਕ ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) |੬ |

ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥ ਨਾਨਕ ਤਿਨ ਜਨ ਸਰਨੀ ਪਇਆ ॥੭॥

ਪਦ ਅਰਥ :

ਝੂਰੇ-ਝੁਰਦਾ, ਚਿੰਤਾ ਕਰਦਾ । ਹਰਿ ਗੁਨ ਬਾਨੀ-ਹਰੀ ਦੇ ਗੁਣਾਂ ਵਾਲੀ ਬਾਣੀ । ਸਹਜਿ-ਸਹਜ ਵਿਚ, ਅਡੋਲ ਅਵਸਥਾ ਵਿਚ । ਸਮਾਨੀ-ਲੀਨ ਹੋ ਜਾਂਦਾ ਹੈ । ਨਿਹਚਲ-ਟਿਕਵਾਂ, ਨਾਹ ਹਿੱਲਣ ਵਾਲਾ । ਕਮਲ-ਹਿਰਦਾ ਰੂਪ ਕਉਲ ਫੁੱਲ । ਬਿਗਾਸਨੁ-ਖਿੜਾਉ । ਅਨਹਦ-ਇਕ-ਰਸ, ਲਗਾਤਾਰ । ਝੁਨਕਾਰ-ਰਸੀਲੀ ਮਿੱਠੀ ਆਵਾਜ਼ । ਮਇਆ-ਮੇਹਰ, ਦਇਆ ।

ਅਰਥ :

ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ) ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ । ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਸਿਫ਼ਤਿ- ਸਾਲਾਹ ਦੀ ਆਦਤ ਪੈ ਜਾਂਦੀ ਹੈ) ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ । ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ ਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ । ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ), (ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ । ਉਹੀ ਮਨੁੱਖ (ਪ੍ਰਭੂ ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ; ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ ।੭।


ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਹਰਿ ਸਿਮਰਨਿ ਲਗਿ ਬੇਦ ਉਪਾਏ ॥
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥ ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ਹਰਿ ਸਿਮਰਨਿ ਧਾਰੀ ਸਭ ਧਰਨਾ ॥ ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
ਹਰਿ ਸਿਮਰਨਿ ਕੀਓ ਸਗਲ ਅਕਾਰਾ ॥ ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥



ਪਦ ਅਰਥ :

ਹਰਿ ਸਿਮਰਨੁ-ਪ੍ਰਭੂ ਦਾ ਸਿਮਰਨ । ਕਰਿ-ਕਰ ਕੇ । ਪ੍ਰਗਟਾਏ-ਮਸ਼ਹੂਰ ਹੋਏ । ਹਰਿ ਸਿਮਰਨਿ-ਪ੍ਰਭੂ ਦੇ ਸਿਮਰਨ ਵਿਚ । ਲਗਿ-ਲੱਗ ਕੇ, ਜੁੜ ਕੇ । ਉਪਾਏ-ਪੈਦਾ ਕੀਤੇ । ਭਏ-ਹੋ ਗਏ । ਸਿਧ-ਉਹ ਪੁਰਸ਼ ਜੋ ਸਾਧਨਾਂ ਦੁਆਰਾ ਆਤਮਕ ਅਵਸਥਾ ਦੀ ਸਿਖਰ ਤੇ ਪਹੁੰਚ ਗਏ । ਜਤੀ-ਆਪਣੇ ਸਰੀਰਕ ਇੰਦਰੀਆਂ ਨੂੰ ਵੱਸ ਵਿਚ ਰੱਖਣ ਵਾਲਾ । ਚਹੁ ਕੁੰਟ-ਚਹੁੰ-ਪਾਸੀਂ, ਸਾਰੇ ਜਗਤ ਵਿਚ । ਜਾਤੇ-ਮਸ਼ਹੂਰ । ਸਿਮਰਨਿ-ਸਿਮਰਨ ਨੇ । ਧਾਰੀ-ਟਿਕਾਈ । ਧਰਨਾ-ਧਰਤੀ । ਕਾਰਨ ਕਰਨ-ਜਗਤ ਦਾ ਕਾਰਨ, ਜਗਤ ਦਾ ਮੂਲ, ਸ੍ਰਿਸ਼ਟੀ ਦਾ ਕਰਤਾ । ਆਕਾਰਾ-ਦਿਸ਼ਟਮਾਨ ਜਗਤ । ਮਹਿ-ਵਿਚ । ਜਿਸੁ- ਜਿਸ । ਨਾਨਕ-ਹੇ ਨਾਨਕ! ਤਿਨਿ-ਉਸ ਮਨੁੱਖ ਨੇ । ਗੁਰਮੁਖਿ-ਗੁਰੂ ਦੀ ਰਾਹੀਂ ।


ਅਰਥ :

ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ, ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ ।

ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ; ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ ।

ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ; (ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ।

ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ; ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ ।

ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ, ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ ।੮।੧।


ਸਲੋਕੁ ॥
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥



ਪਦ ਅਰਥ :

ਦੀਨ- ਗਰੀਬ, ਕੰਗਾਲ, ਕਮਜ਼ੋਰ । ਭੰਜਨਾ- ਤੋੜਨ ਵਾਲਾ, ਨਾਸ ਕਰਨ ਵਾਲਾ । ਘਟਿ- ਘਟ ਵਿਚ, ਸਰੀਰ ਵਿਚ । ਘਟਿ ਘਟਿ- ਹਰੇਕ ਸਰੀਰ ਵਿਚ (ਵਿਆਪਕ) । ਨਾਥ- ਮਾਲਕ, ਖਸਮ,ਨਾਥਾਂ ਦਾ ਨਾਥ । । ਅਨਾਥ- ਯਤੀਮ, ਨਿਖਸਮੇ । ਆਇਓ- ਆਇਆ ਹਾਂ । ਪ੍ਰਭ- ਹੇ ਪ੍ਰਭੂ! ਨਾਨਕ ਕੇ ਸਾਥ ਗੁਰੂ ਦੇ ਨਾਲ, ਗੁਰੂ ਦੀ ਚਰਨੀਂ ਪੈ ਕੇ ।


ਅਰਥ :

ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ ! ਹੇ ਅਨਾਥਾਂ ਦੇ ਨਾਥ! ਹੇ ਪ੍ਰਭੂ ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ ।੨। (ਨੋਟ :ਲਫ਼ਜ਼ ਤੁਮ੍ਹ੍ਹਾਰੀ ਦੇ ਅੱਖਰ ਮ ਦੇ ਹੇਠ ਅੱਧਾ ਹ ਹੈ ।)




ਅਸਟਪਦੀ ॥
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਜਹ ਮੁਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
ਅਨਿਕ ਪੁਨਹਚਰਨ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥੧॥




ਪਦ ਅਰਥ :

ਜਹ- ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ) । ਸੁਤ - ਪੁੱਤ । ਮਨ - ਹੇ ਮਨ ! ਊਹਾ- ਓਥੇ । ਮਹਾ- ਵੱਡਾ । ਭਇਆਨ- ਭਿਆਨਕ, ਡਰਾਉਣਾ । ਦੂਤ- ਜਮ, ਜਮਦੂਤ । ਦੂਤ ਜਮ ਦਲੈ - ਜਮਦੂਤਾਂ ਦਾ ਦਲ । ਤਹ- ਓਥੇ । ਕੇਵਲ- ਸਿਰਫ਼ । ਖਿਨ ਮਾਹਿ- ਖਿਨ ਵਿਚ, ਅੱਖ ਦੇ ਫੋਰ ਵਿਚ । ਉਧਾਰੀ- ਬਚਾਉਂਦਾ ਹੈ । ਅਨਿਕ- ਅਨੇਕ, ਬਹੁਤ । ਪੁਨਹ ਚਰਨ- ਆਚਰਨ (ਧਾਰਮਿਕ ਰਸਮ ) ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ) । ਕੋ - ਕਾ, ਦਾ । ਕੋਟਿ-ਕਰੋੜ । ਪਰਹਰੈ- ਦੂਰ ਕਰ ਦੇਂਦਾ ਹੈ । ਗੁਰਮੁਖਿ- ਗੁਰੂ ਦੇ ਸਨਮੁਖ ਹੋ ਕੇ ।੧।


ਅਰਥ :

ਜਿਥੇ ਮਾਂ, ਪਿਉ, ਪੁੱਤਰ, ਮਿੱਤ, ਭਰਾ ਕੋਈ (ਸਾਥੀ) ਨਹੀਂ (ਬਣਦਾ), ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ) ।

ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ, ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ ।

ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, (ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ ।

ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ, (ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ ।

(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ; ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁੱਖ ਪਾਵੇਂਗਾ ।੧।



ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥
ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਐਸਾ ਨਾਮੁ ਮਨ ਸਦਾ ਧਿਆਈਐ ॥ ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥



ਪਦ ਅਰਥ :

ਸਗਲ- ਸਾਰੀ । ਸ੍ਰਿਸਟਿ- ਦੁਨੀਆ । ਕੋਦਾ । ਲਾਖ ਕਰੋਰੀ- ਲੱਖਾਂ ਕਰੋੜਾਂ (ਰੁਪਇਆਂ) ਨਾਲ, ਲੱਖਾਂ ਕਰੋੜਾਂ ਰੁਪਏ ਕਮਾ ਕੇ ਭੀ । ਬੰਧੁ- ਰੋਕ, ਥੰਮ੍ਹ । ਨ ਪਰੈ- ਨਹੀਂ ਪੈਂਦੀ । ਨਿਸਤਰੈ- ਪਾਰ ਲੰਘ ਜਾਂਦਾ ਹੈ । ਅਨਿਕ ਮਾਇਆ ਰੰਗ- ਮਾਇਆ ਦੇ ਅਨੇਕ ਰੰਗ, ਮਾਇਆ ਦੀਆਂ ਅਨੇਕਾਂ ਮੌਜਾਂ (ਹੁੰਦਿਆਂ ਭੀ) । ਤਿਖ- ਤਿਹ, ਮਾਇਆ ਦੀ ਤਿਹ । ਆਘਾਵੈ- ਰੱਜ ਜਾਂਦਾ ਹੈ । ਜਿਹ ਮਾਰਗ- ਜਿਨ੍ਹਾਂ ਰਸਤਿਆਂ ਤੇ । ਸੁਹੇਲਾ- ਸੁੱਖ ਦੇਣ ਵਾਲਾ । ਮਨ - ਹੇ ਮਨ! ਪਰਮ- ਉੱਚਾ । ਗਤਿ- ਦਰਜਾ । ਪਾਈਐ- ਪਾਈਦਾ ਹੈ, ਮਿਲਦਾ ਹੈ ।


ਅਰਥ:

(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ) ਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ); (ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤਿਹ ਵਿਚ) ਰੋਕ ਨਹੀਂ ਪੈਂਦੀ, (ਇਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ; ਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤਿਹ ਨਹੀਂ ਬੁੱਝਦੀ, (ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ । ਜਿੰਨੀ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ) ਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ । (ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ, ਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ।੨।


ਛੂਟਤ ਨਹੀ ਕੋਟਿ ਲਖ ਬਾਹੀ ॥ ਨਾਮੁ ਜਪਤ ਤਹ ਪਾਰਿ ਪਰਾਹੀ ॥
ਅਨਿਕ ਬਿਘਨ ਜਹ ਆਇ ਸੰਘਾਰੈ ॥ ਹਰਿ ਕਾ ਨਾਮੁ ਤਤਕਾਲ ਉਧਾਰੈ ॥
ਅਨਿਕ ਜੋਨਿ ਜਨਮੈ ਮਰਿ ਜਾਮ ॥ ਨਾਮੁ ਜਪਤ ਪਾਵੈ ਬਿਸ੍ਰਾਮ ॥
ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥੩॥ (ਅੰਗ ੨੬੪)

ਪਦ ਅਰਥ :

ਛੂਟਤ- ਖ਼ਲਾਸੀ ਪਾਉਂਦਾ, ਬਚ ਸਕਦਾ । ਬਾਹੀ- ਬਾਹਵਾਂ ਨਾਲ, ਭਰਾਵਾਂ ਦੇ ਹੁੰਦਿਆਂ । ਪਾਰਿ ਪਰਾਹੀ- ਪਾਰ ਲੰਘ ਜਾਂਦੇ ਹਨ । ਆਇ- ਆ ਕੇ । ਸੰਘਾਰੈ- ਨਾਸ ਕਰਦੇ ਹਨ, ਦੁਖੀ ਕਰਦੇ ਹਨ । ਤਤਕਾਲ- ਤੁਰੰਤ । ਬਿਸ੍ਰਾਮ- ਟਿਕਾਉ । ਹਉ- ਅਪਣੱਤ, ਵਖੇਵਾਂ- ਪਨ । ਕੋਟਿ- ਕਰੋੜਾਂ । ਮਨ- ਹੇ ਮਨ! ਰੰਗਿ- ਰੰਗ ਵਿਚ, ਪਿਆਰ ਨਾਲ । ਨਾਨਕ- ਹੇ ਨਾਨਕ!

ਅਰਥ :

ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ, ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ । ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ, (ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ । (ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ), ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ । ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ, (ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ । ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ । ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ।੩।



ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਜਹ ਮਹਾ ਭਇਆਨ ਤਪਤਿ ਬਹੁ ਘਾਮ ॥ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥



ਪਦ ਅਰਥ :
ਜਿਹ- ਜਿਸ । ਮਾਰਗ- ਰਾਹ, ਪੈਂਡਾ । ਊਹਾ- ਓਥੇ । ਸੰਗਿ- (ਤੇਰੇ) ਨਾਲ । ਤੋਸਾ- ਖ਼ਰਚ, ਪੂੰਜੀ । ਜਿਹ ਪੈਡੈ- ਜਿਸ ਰਾਹ ਵਿਚ । ਗੁਬਾਰਾ- ਹਨੇਰਾ । ਉਜੀਆਰਾ- ਚਾਨਣ । ਪੰਥਿ-ਰਾਹ ਵਿਚ । ਭਇਆਨ- ਭਿਆਨਕ, ਡਰਾਉਣਾ । ਤਪਤਿ- ਤਪਸ਼ । ਘਾਮ- ਗਰਮੀ । ਛਾਮ- ਛਾਂ । ਤਿਖਾ- ਤਿਹ । ਆਕਰਖੈ- ਖਿੱਚਦੀ ਹੈ, ਘਬਰਾਹਟ ਪਾਉਂਦੀ ਹੈ । ਤੁਝੁ- ਤੈ । ਬਰਖੈ- ਵਰਸਦਾ ਹੈ ।


ਅਰਥ :

ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ, ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ ਰਾਹ ਦੀ) ਰਾਸ-ਪੂੰਜੀ ਹੈ । ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ, (ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ । ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ, ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ । ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ, ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ । (ਹੇ ਜੀਵ!) ਜਿਥੇ (ਮਾਇਆ ਦੀ) ਤਿਹ ਤੈ (ਸਦਾ) ਖਿੱਚ ਪਾਉਂਦੀ ਹੈ, ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਬੁਝਾ ਦੇਂਦੀ ਹੈ) ।੪।




                           ਭਗਤ ਜਨਾ ਕੀ ਬਰਤਨਿ ਨਾਮੁ ॥ ਸੰਤ ਜਨਾ ਕੈ ਮਨਿ ਬਿਸ੍ਰਾਮੁ ॥
                          ਹਰਿ ਕਾ ਨਾਮੁ ਦਾਸ ਕੀ ਓਟ ॥ ਹਰਿ ਕੈ ਨਾਮਿ ਉਧਰੇ ਜਨ ਕੋਟਿ ॥
                   ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥ ਹਰਿ ਹਰਿ ਅਉਖਧੁ ਸਾਧ ਕਮਾਤਿ ॥
                       ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥ ਪਾਰਬ੍ਰਹਮਿ ਜਨ ਕੀਨੋ ਦਾਨ ॥
                      ਮਨ ਤਨ ਰੰਗਿ ਰਤੇ ਰੰਗ ਏਕੈ ॥ ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥



ਪਦ ਅਰਥ :

ਬਰਤਨਿ- ਵਰਤੋਂ, ਉਹ ਚੀਜ਼ ਜੋ ਹਰ ਵੇਲੇ ਲੋੜੀਂਦੀ ਹੈ, ਹੱਥ- ਠੋਕਾ । ਮਨਿ- ਮਨ ਵਿਚ । ਓਟ- ਆਸਰਾ । ਹਰਿ ਕੈ ਨਾਮਿ- ਪ੍ਰਭੂ ਦੇ ਨਾਮ ਦੀ ਰਾਹੀਂ । ਜਨ- ਮਨੁੱਖ । ਹਰਿ ਜਸੁ- ਹਰੀ ਦੀ ਸਿਫ਼ਤਿ, ਪ੍ਰਭੂ ਦੀ ਵਡਿਆਈ । ਅਉਖਧੁ- ਦਵਾਈ, ਦਾਰੂ । ਕਮਾਤਿ- ਕਮਾਉਂਦੇ ਹਨ, ਹਾਸਲ ਕਰਦੇ ਹਨ । ਹਰਿ ਜਨ ਕੈ- ਪ੍ਰਭੂ ਦੇ ਸੇਵਕ ਦੇ (ਪਾਸ) । ਨਿਧਾਨੁ- ਖ਼ਜ਼ਾਨਾ । ਪਾਰਬ੍ਰਹਮਿ- ਪਾਰਬ੍ਰਹਮ ਨੇ, ਪ੍ਰਭੂ ਨੇ । ਕੀਨੋ- ਕੀਤਾ ਹੈ । ਜਨ- ਜਨਾਂ , ਆਪਣੇ ਸੇਵਕਾਂ । ਰੰਗ- ਪਿਆਰ । ਬਿਰਤਿ- ਸੁਭਾਉ, ਰੁਚੀ । ਬਿਬੇਕੈ- ਪਰਖ, ਵਿਚਾਰ । ਬਿਰਤਿ ਬਿਬੇਕੈ- ਚੰਗੇ ਮੰਦੇ ਦੀ ਪਰਖ ਕਰਨ ਦਾ ਸੁਭਾਉ ।


ਅਰਥ :

ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ, ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ । ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ, ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ । ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ, ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ) । ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ, ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ । ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ; ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ।੫।




ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਜਨੁ ਰਾਤਾ ਹਰਿ ਨਾਮ ਕੀ ਸੇਵਾ ॥ ਨਾਨਕ ਪੂਜੈ ਹਰਿ ਹਰਿ ਦੇਵਾ ॥੬॥ (ਅੰਗ ੨੬੪-੨੬੫)



ਪਦ ਅਰਥ :

ਜਨ ਕਉ- ਭਗਤ ਜਨਾਂ ਵਾਸਤੇ । ਮੁਕਤਿ- (ਮਾਇਆ ਦੇ ਬੰਧਨਾਂ ਤੋਂ) ਛੁਟਕਾਰਾ । ਜੁਗਤਿ- ਤਰੀਕਾ, ਵਸੀਲਾ । ਤ੍ਰਿਪਤਿ- ਰਜੇਵਾਂ, ਤਸੱਲੀ । ਭੁਗਤਿ- (ਮਾਇਕ) ਭੋਗ । ਰੂਪ ਰੰਗੁ-ਸੁਹੱਪਣ । ਭੰਗੁ- ਵਿਘਨ । ਵਡਿਆਈ- ਇੱਜ਼ਤ । ਜਨ- (ਭਗਤ) ਜਨਾਂ ਨੇ । ਬਿਓਗੁ- ਵਿਛੋੜਾ, ਕਲੇਸ਼, ਦੁੱਖ । ਰਾਤਾ- ਰੱਤਾ ਹੋਇਆ, ਭਿੱਜਿਆ ਹੋਇਆ, ਮਸਤ । ਦੇਵਾ- ਦੇਵ, ਚਾਨਣ- ਰੂਪ (ਪ੍ਰਭੂ)

ਅਰਥ :

ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ, (ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ । ਪ੍ਰਭੂ ਦਾ ਨਾਮ ਭਗਤ ਦਾ ਸੁਹੱਪਣ ਹੈ, ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ । ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ, (ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ । (ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ, ਪ੍ਰਭੂ ਦਾ ਨਾਮ ਜਪਦਿਆਂ (ਉਸ ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ । (ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ; ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਪੂਜਦਾ ਹੈ ੬।


ਹਰਿ ਹਰਿ ਜਨ ਕੈ ਮਾਲੁ ਖਜੀਨਾ ॥ ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਹਰਿ ਹਰਿ ਜਨ ਕੈ ਓਟ ਸਤਾਣੀ ॥ ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਓਤਿ ਪੋਤਿ ਜਨ ਹਰਿ ਰਸਿ ਰਾਤੇ ॥ ਸੁੰਨ ਸਮਾਧਿ ਨਾਮ ਰਸ ਮਾਤੇ ॥
ਆਠ ਪਹਰ ਜਨੁ ਹਰਿ ਹਰਿ ਜਪੈ ॥ ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥ ਨਾਨਕ ਜਨ ਸੰਗਿ ਕੇਤੇ ਤਰੇ ॥੭॥ (ਅੰਗ ੨੬੫)



ਪਦ ਅਰਥ :

ਜਨ ਕੈ- ਭਗਤ ਦੇ (ਹਿਰਦੇ ਵਿਚ), ਭਗਤ ਵਾਸਤੇ । ਖਜੀਨਾ- ਖ਼ਜ਼ਾਨਾ, ਧਨ । ਆਪ ਪ੍ਰਭਿ- ਪ੍ਰਭੂ ਨੇ ਆਪ । ਸਤਾਣੀ- ਤਾਣ ਵਾਲੀ, ਬਲਵਾਨ, ਤਕੜੀ । ਹਰਿ ਪ੍ਰਤਾਪਿ- ਪ੍ਰਭੂ ਦੇ ਪ੍ਰਤਾਪ ਨਾਲ । ਅਵਰ- (ਕੋਈ) ਹੋਰ (ਓਟ) ! ਓਤਿ ਪੋਤਿ- ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ । ਰਸਿ- ਰਸ ਵਿਚ । ਰਾਤੇ- ਰੰਗੇ ਹੋਏ, ਭਿੱਜੇ ਹੋਏ । ਸੁੰਨ- ਜਿੱਥੇ ਕੁਝ ਭੀ ਨਾ ਹੋਵੇ । ਸੁੰਨ ਸਮਾਧਿ- (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ । ਮਾਤੇ- ਮੱਤੇ ਹੋਏ । ਬਹੁ- ਬਹੁਤਿਆਂ । ਕੇਤੇ- ਕਈ ਜੀਵ ।

ਅਰਥ :

ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ, ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਦਿੱਤਾ ਹੈ । ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ, ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨਹੀਂ ਤੱਕਿਆ । ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ, (ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ । (ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਜਪਦਾ ਹੈ, (ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ । ਪ੍ਰਭੂ ਦੀ ਭਗਤੀ ਬੇਅੰਤ ਜੀਵਾਂ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ; ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ੭।



ਪਾਰਜਾਤੁ ਇਹੁ ਹਰਿ ਕੋ ਨਾਮ ॥ ਕਾਮਧੇਨ ਹਰਿ ਹਰਿ ਗੁਣ ਗਾਮ ॥
ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥
ਨਾਮ ਕੀ ਮਹਿਮਾ ਸੰਤ ਰਿਦ ਵਸੈ ॥ ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
ਸੰਤ ਕਾ ਸੰਗੁ ਵਡ ਭਾਗੀ ਪਾਈਐ ॥ ਸੰਤ ਕੀ ਸੇਵਾ ਨਾਮੁ ਧਿਆਈਐ ॥
ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥ (ਅੰਗ ੨੬੫)

ਪਦ ਅਰਥ :
ਪਾਰਜਾਤੁ- ਸੁਰਗ ਦੇ ਪੰਜ ਰੁੱਖ (ਸੁਰਗ ਦੇ ਪੰਜ ਰੁੱਖਾਂ ਵਿਚੋਂ ਇਕ ਦਾ ਨਾਮ ਪਾਰਜਾਤ ਹੈ, ਇਸ ਦੀ ਬਾਬਤ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ ।) ਕਾਮਧੇਨ- ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ ਕਰਦੀ ਹੈ । ਗਾਮ- ਗਾਉਣੇ । ਦੁਰਤੁ - ਪਾਪ । ਨਾਮ ਤੁਲਿ- ਨਾਮ ਦੇ ਬਰਾਬਰ । ਗੁਰਮੁਖਿ- ਗੁਰੂ ਦੀ ਰਾਹੀਂ । ਜਨੁ ਕੋਇ- ਕੋਈ ਵਿਰਲਾ ਮਨੁੱਖ ।

ਅਰਥ :
ਪ੍ਰਭੂ ਦਾ ਇਹ ਨਾਮ (ਹੀ) ਪਾਰਜਾਤ ਰੁੱਖ ਹੈ, ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) ਕਾਮਧੇਨ ਹੈ । ਪ੍ਰਭੂ ਦੀਆਂ (ਸਿਫ਼ਤਿ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ (ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ । (ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ (ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ । ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ (ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ । ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ, ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ।੮।੨।




ਸਲੋਕੁ ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥


ਪਦ ਅਰਥ:
ਪੇਖੇ = ਵੇਖੇ ਹਨ ਸਰਬ = ਸਾਰੇ ਢਢੋਲਿ = ਢੂੰਡ ਕੇ, ਖੋਜ ਕੇ ਪੂਜਸਿ ਨਾਹੀ = ਨਹੀਂ ਅੱਪੜਦੇ, ਬਰਾਬਰੀ ਨਹੀਂ ਕਰਦੇ ਅਮੋਲ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਾਸਤ੍ਰ = ੧. ਧਾਰਮਿਕ ਪੁਸਤਕ। ੨. ਪਦਾਰਥ ਵਿੱਦਿਆ ਦੇ ਪੁਸਤਕ ਸਿਮ੍ਰਿਤਿ = ਹਿੰਦੂ ਕੌਮ ਵਾਸਤੇ ਧਾਰਮਿਕ ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ ਆਦਿਕ ਆਗੂਆਂ ਨੇ ਲਿਖੀਆਂ ॥੧॥


ਅਰਥ:
ਬਹੁਤ ਸ਼ਾਸਤ੍ਰ ਤੇ ਬਹੁਤ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ) (ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ੧॥



ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥


ਪਦ ਅਰਥ:
ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾ ਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ) ਵਖਿਆਨ = ਉਪਦੇਸ਼ ਕਰਮ ਧ੍ਰਮ ਕਿਰਿਆ = ਕਰਮ-ਕਾਂਡ ਦੇ ਧਰਮ ਦੇ ਕੰਮ ਤਿਆਗਿ = ਛੱਡ ਕੇ ਮਧੇ = ਵਿਚ ਹੋਮੈ = ਹਵਨ ਕਰੇ, ਅੱਗ ਵਿਚ ਪਾਵੇ ਰਤਨਾ = ਘਿਉ ਕਰਿ ਰਾਤੀ = ਰਤੀ ਰਤੀ ਕਰ ਕੇ ਨੇਮ = ਬੰਧੇਜ ਇਕ ਬਾਰ = ਇਕ ਵਾਰੀ ॥੧॥

ਅਰਥ:
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ, ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ; ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, (ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ; ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ, ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ; (ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ, (ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥



ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ ਮਹਾ ਉਦਾਸੁ ਤਪੀਸਰੁ ਥੀਵੈ ॥
ਅਗਨਿ ਮਾਹਿ ਹੋਮਤ ਪਰਾਨ ॥ ਕਨਿਕ ਅਸ੍ਵ ਹੈਵਰ ਭੂਮਿ ਦਾਨ ॥
ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥ (ਅੰਗ ੨੬੫)


ਪਦ ਅਰਥ:
ਨਉ ਖੰਡ = ਨਉਂ ਹਿੱਸੇ ਪ੍ਰਿਥਮੀ = ਧਰਤੀ ਨਉ ਖੰਡ ਪ੍ਰਿਥਮੀ = ਧਰਤੀ ਦੇ ਨਉਂ ਹੀ ਹਿੱਸੇ, ਭਾਵ, ਸਾਰੀ ਧਰਤੀ ਚਿਰੁ = ਬਹੁਤ ਲੰਮੀ ਉਮਰ।  ਤਪੀਸਰੁ = ਵੱਡਾ ਤਪੀ ਥੀਵੈ = ਹੋ ਜਾਏ ਨਿਉਲੀ ਕਰਮ- ਯੋਗ ਦਾ ਇਕ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ ਸਾਹ ਬਾਹਰ ਨੂੰ ਕੱਢ ਕੇ ਪੇਟ ਨੂੰ ਅੰਦਰ ਵਲ ਖਿੱਚ ਲਈਦਾ ਹੈ, ਫੇਰ ਆਂਦਰਾਂ ਨੂੰ ਇਕੱਠੀਆਂ ਕਰ ਕੇ ਘੁਮਾਈਦਾ ਹੈ ਇਹ ਸਾਧਨ ਸਵੇਰੇ ਖ਼ਾਲੀ ਪੇਟ ਕਰੀਦਾ ਹੈ ਮਾਰਗ = ਰਸਤਾ ਨਿਮਖ ਨਿਮਖ = ਥੋੜਾ ਥੋੜਾ ਸਮਸਰਿ = ਬਰਾਬਰ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਪਰਾਨ = ਜਿੰਦ ਕਨਿਕ = ਸੋਨਾ (gold) ਅਸ੍ਵ = ਘੋੜੇ ਹੈਵਰ = ਵਧੀਆ ਘੋੜੇ ਭੂਮਿ ਦਾਨ = ਜ਼ਮੀਨ ਦਾ ਦਾਨ ।

ਅਰਥ:
(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ, (ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ; ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ; ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ; ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ, ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ; ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ, ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। (ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ; ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥



ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥ (ਅੰਗ ੨੬੫)



ਪਦ ਅਰਥ:
ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ ਤੀਰਥ = ਤੀਰਥਾਂ ਉਤੇ ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ ਗਰਬੁ = ਅਹੰਕਾਰ ਗੁਮਾਨੁ = ਅਹੰਕਾਰ ਹੁਟੈ = ਘਟਦਾ ਸੋਚ = ਸੌਚ, ਇਸ਼ਨਾਨ। ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ ਨ ਜਾਤਿ = ਨਹੀਂ ਜਾਂਦੀ ਦੇਹੀ ਕਉ = ਸਰੀਰ ਦੀ ਖ਼ਾਤਰ। ਸਾਧਨਾ = ਉੱਦਮ ਬਿਖਿਆ = ਮਾਇਆ ਨ ਟਰੈ = ਨਹੀਂ ਟਲਦੀ, ਨਹੀਂ ਹਟਦੀ ਜਲਿ = ਪਾਣੀ ਨਾਲ ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ), ਨਾਸਵੰਤ ਭੀਤਿ = ਕੰਧ ਨਾਮਿ = ਨਾਮ ਦੀ ਰਾਹੀਂ ਬਹੁ ਮੂਚ = ਬਹੁਤ, ਅਣਗਿਣਤ (ਜੀਵ) ਪਤਿਤ = ਡਿੱਗੇ ਹੋਏ, ਮੰਦ-ਕਰਮੀ ॥੩॥

ਅਰਥ:
(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ। (ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ, (ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ। (ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ, (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ। (ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ, (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ? ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥



ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀ ਬੁਝੈ ॥ ਕੋਟਿ ਉਪਾਵ ਦਰਗਹ ਨਹੀ ਸਿਝੈ
ਛੂਟਸਿ ਨਾਹੀ ਊਭ ਪਇਆਲਿ ॥ ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥ ਨਾਨਕ ਬੋਲੈ ਸਹਜਿ ਸੁਭਾਇ ੪॥


ਪਦ ਅਰਥ :
ਸਿਆਣਪ = ਚਤੁਰਾਈ । ਭਉ = ਡਰ । ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ । ਕਰਿ = ਕਰ ਕੇ, ਕੀਤਿਆਂ । ਤ੍ਰਿਸਨ = ਤ੍ਰਿਹ, ਲਾਲਚ । ਨ ਧ੍ਰਾਪੈ = ਨਹੀਂ ਰੱਜਦੀ । ਭੇਖ = ਧਾਰਮਿਕ ਪੁਸ਼ਾਕ । ਅਗਨਿ = ਅੱਗ, ਲਾਲਚ ਦੀ ਅੱਗ । ਕੋਟਿ = ਕ੍ਰੋੜਾਂ । ਉਪਾਵ = ਤਰੀਕੇ, ਵਸੀਲੇ । ਸਿਝੈ = ਸਿੱਝਦਾ, ਕਾਮਯਾਬ ਹੁੰਦਾ । ਛੂਟਸਿ ਨਾਹੀ = ਬਚ ਨਹੀਂ ਸਕਦਾ । ਊਭ = ਉਤਾਂਹ, ਆਕਾਸ਼ ਵਿਚ । ਪਇਆਲਿ = ਪਾਤਾਲ ਵਿਚ । ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ । ਮੋਹਿ = ਮੋਹ ਵਿਚ । ਬਿਆਪਹਿ = ਫਸ ਜਾਂਦੇ ਹਨ । ਜਾਲਿ = ਜਾਲ ਵਿਚ । ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ । ਤਿਲੁ = ਰਤਾ ਭਰ ਭੀ । ਮਾਨੈ = ਮੰਨਦਾ । ਸਹਜਿ = ਅਡੋਲ ਅਵਸਥਾ ਵਿਚ ਸੁਭਾਇ = ਪ੍ਰੇਮ ਨਾਲ । ਭਾਉ = ਪ੍ਰੇਮ ॥੪॥

ਅਰਥ:
(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ, (ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ। ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, (ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ। (ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ, (ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ। (ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ, ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ। (ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ) ਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥


ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ
ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥ ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥ (ਅੰਗ ੨੬੬)


ਪਦ ਅਰਥ:
ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ । ਕੋ = ਕੋਈ ਮਨੁੱਖ ਰਿਦੈ = ਹਿਰਦੇ ਵਿਚ । ਸਦ = ਸਦਾ । ਲੋਰੈ = ਚਾਹੇ । ਸਾਧ ਸੰਗਿ = ਭਲਿਆਂ ਦੀ ਸੰਗਤ ਵਿਚ (ਰਹਿ ਕੇ)। ਛੋਰੈ = ਛੱਡ ਦੇਵੇ । ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ । ਤਾ ਕੈ = ਉਸ ਤੋਂ । ਜਾਸਾ = ਜਾਵਾਂ । ਬਲਿ ਜਾਸਾ = ਸਦਕੇ ਜਾਵਾਂ ॥੫॥

ਅਰਥ:
ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ, (ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ । ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ, ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ। ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ, ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ । ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ, ਤਾਂ ਉਹ ਸੰਤਾਂ ਦੀ ਚਰਨੀਂ ਲੱਗੇ । ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ, ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥


ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ਨਾਨਕ ਪਾਪ ਪੁੰਨ ਨਹੀ ਲੇਪਾ ॥੬॥ (ਅੰਗ ੨੬੬)


ਪਦ ਅਰਥ:
ਸਗਲ = ਸਾਰੇ । ਪੁਰਖ = ਮਨੁੱਖ । ਜਾ ਕਾ = ਜਿਸ (ਮਨੁੱਖ) ਦਾ । ਆਪਸ ਕਉ = ਆਪਣੇ ਆਪ ਨੂੰ । ਨੀਚਾ = ਨੀਵਾਂ, ਮੰਦਾ, ਮਾੜਾ । ਸੋਊ = ਉਸੇ ਮਨੁੱਖ ਨੂੰ । ਗਨੀਐ = ਜਾਣੀਏ, ਸਮਝੀਏ । ਰੀਨਾ = ਧੂੜ, ਚਰਨਾਂ ਦੀ ਧੂੜ । ਨਾਮੁ = ਸਰਬ-ਵਿਆਪਕ ਤਾਕਤ । ਤਿਨਿ = ਉਸ (ਮਨੁੱਖ ਨੇ) ਘਟਿ ਘਟਿ = ਹਰੇਕ ਸਰੀਰ ਵਿਚ । ਚੀਨਾ = ਪਛਾਣ ਲਿਆ ਹੈ। ਬੁਰਾ = ਬੁਰਾਈ । ਪੇਖੈ = ਵੇਖਦਾ ਹੈ । ਸਮ = ਬਰਾਬਰ, ਇਕੋ ਜਿਹਾ । ਦ੍ਰਿਸਟੇਤਾ = ਵੇਖਣ ਵਾਲਾ । ਲੇਪਾ = ਅਸਰ, ਪ੍ਰਭਾਵ । ਜਨ = (ਉਹ) ਮਨੁੱਖ ੬॥

ਅਰਥ:
(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ, ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ। ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ। ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ) ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ। ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ, ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿੱਤਰ ਵੇਖਦਾ ਹੈ। (ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ, ਹੇ ਨਾਨਕ! (ਇਸੇ ਕਰ ਕੇ ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥


ਨਿਰਧਨ ਕਉ ਧਨੁ ਤੇਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥ ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮਰੀ ਉਸਤਤਿ ਤੁਮ ਤੇ ਹੋਇ ॥ ਨਾਨਕ ਅਵਰੁ ਨ ਜਾਨਸਿ ਕੋਇ ॥੭॥ {ਪੰਨਾ ੨੬੬}



ਪਦ ਅਰਥ :
ਨਿਰਧਨਧਨ-ਹੀਨ, ਕੰਗਾਲ । ਕਉਨੂੰ, ਵਾਸਤੇ । ਨਿਥਾਵੇ ਕਉਨਿਆਸਰੇ ਨੂੰ । ਥਾਉਆਸਰਾ । ਨਿਮਾਨਾਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ । ਘਟਸਰੀਰ, ਪ੍ਰਾਣੀ । ਦੇਵਹੁਤੂੰ ਦੇਂਦਾ ਹੈਂ । ਅੰਤਰਜਾਮੀਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ । ਗਤਿਹਾਲਤ, ਅਵਸਥਾ । ਪ੍ਰਭਹੇ ਪ੍ਰਭੂ ! ਰਾਤੇਮਗਨ, ਮਸਤ । ਉਸਤਤਿਸੋਭਾ, ਵਡਿਆਈ । ਤੁਮ ਤੇਤੈਥੋਂ । ਕੋਇਕੋਈ ਹੋਰ ।

ਅਰਥ :—(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ, ਨਿਆਸਰੇ ਨੂੰ ਤੇਰਾ ਆਸਰਾ ਹੈ । ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ ! ਆਦਰ ਮਾਣ ਹੈ, ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ ।

ਹੇ ਸੁਆਮੀ ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ ! ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ ।

ਹੇ ਪ੍ਰਭੂ ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ; ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ ।

ਹੇ ਨਾਨਕ ! (ਆਖ, ਕਿ, ਹੇ ਪ੍ਰਭੂ !) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ, ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ।੭।



ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧ ਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥ {ਪੰਨਾ ੨੬੬}



ਪਦ ਅਰਥ :
ਸ੍ਰੇਸਟਸਭ ਤੋਂ ਚੰਗਾ । ਨਿਰਮਲਪਵਿਤ੍ਰ, ਸੁੱਧ । ਕਰਮੁਕੰਮ, ਆਚਰਨ । ਕ੍ਰਿਆਧਾਰਮਿਕ ਰਸਮ । ਦੁਰਮਤਿਭੈੜੀ ਮਤਿ । ਹਿਰਿਆਦੂਰ ਕੀਤੀ । ਜੀਅਹੇ ਜੀ ! ਹੇ ਮਨ ! ਅੰਮ੍ਰਿਤਅਮਰ ਕਰਨ ਵਾਲੀ । ਰਸਨਜੀਭ । ਬਖਾਨੀਉੱਚਾਰ, ਬੋਲ । ਜਿਹ ਘਟਿਜਿਸ ਘਟ ਵਿਚ, ਜਿਸ ਸਰੀਰ ਵਿਚ, ਜਿਸ ਹਿਰਦੇ ਵਿਚ ।


ਅਰਥ :
(ਹੇ ਮਨ !) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ ।

ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ ।

ਹੇ ਮਨ ! ਸਦਾ ਪ੍ਰਭੂ ਦਾ ਨਾਮ ਜਪਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ । ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ—(ਪ੍ਰਭੂ ਦੇ ਜਸ ਦੀ ਇਹ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ ।

ਹੇ ਨਾਨਕ ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ ।੮।੩।



ਸਲੋਕੁ ॥
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ (ਅੰਗ ੨੬੬)


ਪਦ ਅਰਥ:
ਨਿਰਗੁਨੀਆਰ = ਹੇ ਨਿਰਗੁਣ ਜੀਵ ! ਹੇ ਗੁਣ- ਹੀਣ ਜੀਵ ! ਇਆਨਿਆ = ਹੇ ਅੰਞਾਣ ! ਸਮਾਲਿ = ਚੇਤੇ ਰੱਖ, ਯਾਦ ਕਰ ਜਿਨਿ = ਜਿਸ (ਪ੍ਰਭੂ) ਨੇ ਕੀਆ = ਪੈਦਾ ਕੀਤਾ ਤਿਸੁ = ਉਸ ਨੂੰ ਚਿਤਿ = ਚਿੱਤ ਵਿਚ ਨਿਬਹੀ = ਨਿਭਦਾ ਹੈ, ਸਾਥ ਨਿਬਾਹੁੰਦਾ ਹੈ ॥੧॥

ਅਰਥ:
ਹੇ ਅੰਞਾਣ ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ। ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥


ਅਸਟਪਦੀ ॥
ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥
ਬਿਰਧਿ ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥੧॥




ਪਦ ਅਰਥ:
ਰਮਈਆ = ਸੋਹਣਾ ਰਾਮ ਚੇਤਿ = ਚੇਤੇ ਕਰ, ਯਾਦ ਕਰ ਪਰਾਨੀ = ਹੇ ਜੀਵ ! ਦ੍ਰਿਸਟਾਨੀ = ਵਿਖਾ ਦਿੱਤਾ ਜਿਨਿ = ਜਿਸ (ਪ੍ਰਭੂ) ਨੇ ਤੂੰ = ਤੈਨੂੰ ਸਾਜਿ = ਪੈਦਾ ਕਰ ਕੇ ਸਵਾਰਿ = ਸਜਾ ਕੇ ਗਰਭ ਅਗਨਿ = ਪੇਟ ਦੀ ਅੱਗ ਉਬਾਰਿਆ = ਬਚਾਇਆ ਬਾਰ = ਬਾਲਕ ਬਿਵਸਥਾ = ਉਮਰ, ਹਾਲਤ ਪਿਆਰੈ = ਪਿਆਲਦਾ ਹੈ ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ ਸੂਧ = ਸੂਝ। ਬਿਰਧਿ = ਬੁੱਢਾ ਉਪਰਿ = ਉਤੇ, ਸੇਵਾ ਕਰਨ ਨੂੰ। ਸੈਨ = ਸੱਜਣ, ਮਿਤ੍ਰ ਮੁਖਿ = ਮੂੰਹ ਵਿਚ ਅਪਿਆਉ = ਚੰਗੇ ਭੋਜਨ ਬੈਠ ਕਉ = ਬੈਠੇ ਨੂੰ ਦੈਨ = ਦੇਂਦੇ ਹਨ


ਅਰਥ:
ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ, (ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ। ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ, ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ; ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ, ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ); (ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ) ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)। (ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ, ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧




ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ
ਐਸੇ ਦੋਖ ਮੂੜ ਅੰਧ ਬਿਆਪੇ ॥ ਨਾਨਕ ਕਾਢਿ ਲੇਹੁ ਪ੍ਰਭ ਆਪੇ ੨॥ (ਅੰਗ ੨੬੭)



ਪਦ ਅਰਥ:
ਜਿਹ ਪ੍ਰਸਾਦਿ = ਜਿਸ ਦੀ ਕ੍ਰਿਪਾ ਨਾਲ ਧਰ = ਧਰਤੀ ਸੁਖਿ = ਸੁਖ ਨਾਲ ਬਸਹਿ = ਤੂੰ ਵੱਸਦਾ ਹੈਂ ਸੁਤ = ਪੁੱਤ੍ਰ ਭ੍ਰਾਤ = ਭਰਾ ਬਨਿਤਾ = ਇਸਤ੍ਰੀ ਹਸਹਿ = ਤੂੰ ਹੱਸਦਾ ਹੈਂ ਸੀਤਲ = ਠੰਢਾ ਪਵਨੁ = ਹਵਾ ਪਾਵਕੁ = ਅੱਗ ਸਗਲ = ਸਾਰੇ ਸਮਗ੍ਰੀ = ਪਦਾਰਥ ਤਿਸਹੁ = ਉਸ (ਪ੍ਰਭੂ) ਨੂੰ ਤਿਆਗਿ = ਛੱਡ ਕੇ, ਵਿਸਾਰ ਕੇ ਰਚਨਾ = ਰੁੱਝਾ ਹੋਇਆ ਹੈਂ, ਮਗਨ ਹੈਂ ਦੋਖ = ਮੰਦੇ ਕਰਮ ਮੂੜ = ਮੂਰਖ ਜੀਵ ਬਿਆਪੇ = ਫਸੇ ਹੋਏ ਹਨ

ਅਰਥ:
(ਹੇ ਜੀਵ !) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ, ਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ; ਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ, ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ); ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ, ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ); (ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ, ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ !) ਤੂੰ ਹੋਰਨਾਂ ਨਾਲ ਮਗਨ ਹੈਂ। (ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ ਹੇ ਨਾਨਕ ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥




ਆਦਿ ਅੰਤਿ ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਜਾ ਕੀ ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜੋ ਠਾਕੁਰੁ ਸਦ ਸਦਾ ਹਜੂਰੇ ॥ ਤਾ ਕਉ ਅੰਧਾ ਜਾਨਤ ਦੂਰੇ ॥
ਜਾ ਕੀ ਟਹਲ ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਸਦਾ ਸਦਾ ਇਹੁ ਭੂਲਨਹਾਰੁ ॥ ਨਾਨਕ ਰਾਖਨਹਾਰੁ ਅਪਾਰੁ ॥੩॥ {ਪੰਨਾ ੨੬੭}



ਪਦ ਅਰਥ :—
ਆਦਿਮੁੱਢ ਤੋਂ (ਭਾਵ, ਜਨਮ ਸਮੇ ਤੋਂ) । ਅੰਤਿਅਖ਼ੀਰ ਤਕ (ਭਾਵ, ਮਰਨ ਤਕ) । ਗਵਾਰੁਮੂਰਖ ਮਨੁੱਖ । ਜਾ ਕੀਜਿਸ (ਪ੍ਰਭੂ) ਦੀ । ਨਵ ਨਿਧਿਨੌ ਖ਼ਜ਼ਾਨੇ । ਤਾ ਸਿਉਉਸ ਨਾਲ । ਮੂੜਾਮੂਰਖ । ਹਜੂਰੇਹਾਜ਼ਰ-ਨਾਜ਼ਰ, ਅੰਗ-ਸੰਗ । ਤਾ ਕਉਉਸ ਨੂੰ । ਤਿਸਹਿਉਸ (ਪ੍ਰਭੂ) ਨੂੰ । ਮੁਗਧੁਮੂਰਖ । ਇਹੁਇਹ (ਜੀਵ) । ਅਪਾਰੁਬੇਅੰਤ ।

ਅਰਥ :
ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ । ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ, ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ । ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ, ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ ।
ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ, ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ । (ਪਰ ਕਿਹੜਾ-ਕਿਹੜਾ ਔਗੁਣ ਚਿਤਾਰੀਏ ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ; ਹੇ ਨਾਨਕ ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ।੩।





ਰਤਨੁ ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ ਸੋ ਦੂਰਿ ਪਰਾਨੈ ॥
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ ਤਿਸੁ ਪਰਹਰੈ ॥
ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਅੰਧ ਕੂਪ ਮਹਿ ਪਤਿਤ ਬਿਕਰਾਲ ॥ ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥ {ਪੰਨਾ ੨੬੭}



ਪਦ ਅਰਥ :
ਰਚੈਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ । ਛੋਡਿਛੱਡ ਕੇ । ਮਚੈਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ । ਜੋਜੋ (ਧਨ ਪਦਾਰਥ) । ਸੁਉਸ ਨੂੰ । ਅਸਥਿਰੁਸਦਾ ਕਾਇਮ ਰਹਿਣ ਵਾਲਾ । ਹੋਵਨੁਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ) । ਪਰਾਨੈਪਛਾਣਦਾ ਹੈ, ਸਮਝਦਾ ਹੈ । ਤਿਸ ਕਾਉਸ ਦਾ, ਉਸ ਦੀ ਖ਼ਾਤਰ । ਸ੍ਰਮੁਮੇਹਨਤ, ਖੇਚਲ ਸਹਾਈਸਹਾਇਤਾ ਕਰਨ ਵਾਲਾ । ਪਰਹਰੈਛੱਡ ਦੇਂਦਾ ਹੈ । ਉਤਾਰੈਲਾਹ ਦੇਂਦਾ ਹੈ । ਗਰਧਬ ਪ੍ਰੀਤਿਖੋਤੇ ਦਾ ਪਿਆਰ । ਭਸਮਸੁਆਹ । ਕੂਪਖੂਹ । ਪਤਿਤਡਿੱਗਾ ਹੋਇਆ । ਬਿਕਰਾਲਡਰਾਉਣਾ । ਬਿਕਰਾਲ ਕੂਪ ਮਹਿਭਿਆਨਕ ਖੂਹ ਵਿਚ । ਪ੍ਰਭਹੇ ਪ੍ਰਭੂ !

ਅਰਥ :—
(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ । ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ ।
ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ; ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ ।
ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ; ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ ।
ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ, ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ ।
(ਜੀਵ ਮਾਇਆ ਦੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ; ਹੇ ਨਾਨਕ ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ।੪।




ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥
ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥
ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ ॥
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਨਾਨਕ ਤੇ ਜਨ ਸਹਜਿ ਸਮਾਤਿ ॥੫॥ (ਅੰਗ ੨੬੭)



ਪਦ ਅਰਥ:
ਮਾਨਸ = ਮਨੁੱਖ ਦੀ ਪਚਾਰਾ = ਵਿਖਾਵਾ ਅੰਤਰਿ = ਮਨ ਵਿਚ ਕਛੁ ਕਰੈ = (ਭਾਵੇਂ) ਕੋਈ (ਜਤਨ) ਕਰੇ ਬਿਆਪੈ = ਜ਼ੋਰ ਪਾ ਰਿਹਾ ਹੈ ਸੁਆਨੁ = ਕੁੱਤਾ ਅਗਨਿ = (ਤ੍ਰਿਸਨਾ ਦੀ) ਅੱਗ ਗਲਿ = ਗਲ ਵਿਚ ਅਥਾਹ = ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ ਸਹਜਿ = ਸਹਜ ਵਿਚ, ਉਸ ਅਵਸਥਾ ਵਿਚ ਜਿਥੇ ਮਨ ਡੋਲਦਾ ਨਹੀਂ ਸਮਾਤਿ = ਸਮਾ ਜਾਂਦਾ ਹੈ, ਟਿਕ ਜਾਂਦਾ ਹੈ ॥

ਅਰਥ:
ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ, (ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ। ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ, (ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ। ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ, ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ। ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ); (ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ? ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ॥੫॥



ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥ ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਕਹਾ ਬੁਝਾਰਤਿ ਬੂਝੈ ਡੋਰਾ ॥ ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰ ਭਵਨ ॥ ਨਹੀ ਹੋਤ ਊਹਾ ਉਸੁ ਗਵਨ ॥
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥ ਨਾਨਕ ਤੁਮਰੀ ਕਿਰਪਾ ਤਰੈ ॥੬॥ (ਅੰਗ ੨੬੭)



ਪਦ ਅਰਥ:
ਸੁਨਿ = ਸੁਣ ਕੇ ਮਾਰਗੁ = ਰਸਤਾ ਪਾਵੈ = ਲੱਭ ਲਏ ਕਰੁ = ਹੱਥ ਗਹਿ ਲੇਹੁ = ਫੜ ਲਵੋ ਓੜਿ = ਅਖ਼ੀਰ ਤਕ ਬੁਝਾਰਤਿ = ਸੈਨਤ ਡੋਰਾ = ਬੋਲਾ ਨਿਸਿ = ਰਾਤ ਭੋਰਾ = ਦਿਨ ਭੰਗ = ਟੁੱਟੀ ਹੋਈ ਪਿੰਗੁਲ = ਲੂਲ੍ਹਾ ਪਰਭਵਨ = ਭੌਣਾ, ਫਿਰਨਾ ਉਸ = ਉਸ ਦੀ ਗਵਨ = ਪਹੁੰਚ ਕਰੁਣਾ = ਤਰਸ ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾਦੀਨੁ = ਨਿਮਾਣਾ (ਜੀਵ)


ਅਰਥ:
ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ? (ਹੇ ਪ੍ਰਭੂ ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ। ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ ? (ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ) ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ ? (ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ। ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ ? ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ ਹੇ ਕਰਤਾਰ ! ਹੇ ਦਇਆ ਦੇ ਸਾਗਰ ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ, ਹੇ ਨਾਨਕ ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥



ਸੰਗਿ ਸਹਾਈ ਸੁ ਆਵੈ ਨ ਚੀਤਿ ॥ ਜੋ ਬੈਰਾਈ ਤਾ ਸਿਉ ਪ੍ਰੀਤਿ ॥
ਬਲੂਆ ਕੇ ਗ੍ਰਿਹ ਭੀਤਰਿ ਬਸੈ ॥ ਅਨਦ ਕੇਲ ਮਾਇਆ ਰੰਗਿ ਰਸੈ ॥
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ ਕਾਲੁ ਨ ਆਵੈ ਮੂੜੇ ਚੀਤਿ ॥
ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥ (ਅੰਗ ੨੬੭)



ਪਦ ਅਰਥ:
ਚੀਤਿ = ਚਿੱਤ ਵਿਚ ਬੈਰਾਈ = ਵੈਰੀ ਬਲੂਆ = ਰੇਤ ਗ੍ਰਿਹ = ਘਰ ਭੀਤਰਿ = ਵਿਚ ਰੰਗਿ = ਰੰਗ ਵਿਚ, ਮਸਤੀ ਵਿਚ ਕੇਲ = ਚੋਜ-ਖੇਡਾਂ ਦ੍ਰਿੜੁ = ਪੱਕਾ ਮਨਹਿ = ਮਨ ਵਿਚ ਪ੍ਰਤੀਤਿ = ਯਕੀਨ ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ ਕਾਲੁ = ਮੌਤ ਬਿਰੋਧ = ਮੁਖ਼ਾਲਫ਼ਤ ਧ੍ਰੋਹ = ਠੱਗੀ, ਦਗ਼ਾ ਇਆਹੂ ਜੁਗਤਿ = ਇਸ ਤਰੀਕੇ ਨਾਲ ਬਿਹਾਨੇ = ਗੁਜ਼ਰ ਗਏ ਹਨ ਆਪਨ ਕਰਮ = ਆਪਣੀ ਮੇਹਰ ॥

ਅਰਥ:
ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ, (ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ। ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ), (ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ। (ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ; ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ। ਵੈਰ ਵਿਰੋਧ, ਕਾਮ, ਗੁੱਸਾ, ਮੋਹ, ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ- ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ। ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥




ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ ੨੬੮}


ਪਦ ਅਰਥ :
ਤੁਮ ਪਹਿਤੇਰੇ ਪਾਸ । ਪਿੰਡੁਸਰੀਰ । ਰਾਸਿਬਖ਼ਸ਼ੀਸ਼, ਪੂੰਜੀ । ਘਨੇਰੇਬਹੁਤ । ਸਮਗ੍ਰੀਪਦਾਰਥ । ਸੂਤ੍ਰਿਸੂਤ੍ਰ ਵਿਚ, ਮਰਯਾਦਾ ਵਿਚ, ਹੁਕਮ ਵਿਚ । ਧਾਰੀਟਿਕੀ ਹੋਈ ਹੈ ਤੁਮ ਤੇਤੈਥੋਂ । ਹੋਇ—(ਜੋ ਕੁਝ) ਹਸਤੀ ਵਿਚ ਆਇਆ ਹੈ, ਪੈਦਾ ਹੋਇਆ ਹੈ । ਆਗਿਆਕਾਰੀ—(ਤੇਰੇ) ਹੁਕਮ ਨੂੰ ਮੰਨ ਰਿਹਾ ਹੈ । ਕੁਰਬਾਨੀਸਦਕੇ । ਮਿਤਿਮਰਯਾਦਾ, ਅੰਦਾਜ਼ਾ । ਗਤਿਹਾਲਤ ।

ਅਰਥ :
(ਹੇ ਪ੍ਰਭੂ !) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ ।
ਤੂੰ ਸਾਡਾ ਮਾਂ ਪਿਉ ਹੈਂ, ਅਸੀ ਤੇਰੇ ਬਾਲ ਹਾਂ, ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ ।
ਕੋਈ ਤੇਰਾ ਅੰਤ ਨਹੀਂ ਪਾ ਸਕਦਾ, (ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ ।
(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ; ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂਇਹ ਤੂੰ ਆਪ ਹੀ ਜਾਣਦਾ ਹੈਂ । ਹੇ ਨਾਨਕ ! (ਆਖ, ਹੇ ਪ੍ਰਭੂ !) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ।੮।੪।



ਸਲੋਕੁ ॥
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥



ਪਦ ਅਰਥ:
ਲਾਗਹਿ = ਲੱਗਦੇ ਹਨ ਆਨ = ਹੋਰ ਸੁਆਇ = ਸੁਆਦ ਵਿਚ, ਸੁਆਰਥ ਵਿਚ ਕਹੂ ਨ = ਕਦੇ ਨਹੀਂ ਸੀਝਈ = ਸਿੱਝਦਾ, ਕਾਮਯਾਬ ਹੁੰਦਾ, ਸਫਲ ਹੁੰਦਾ ਪਤਿ = ਇੱਜ਼ਤ ॥੧॥

ਅਰਥ:
(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ; (ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ॥੧॥


ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥
ਜਿਸੁ ਠਾਕੁਰ ਸਿਉ ਨਾਹੀ ਚਾਰਾ ॥ ਤਾ ਕਉ ਕੀਜੈ ਸਦ ਨਮਸਕਾਰਾ ॥
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥ ਸਰਬ ਸੂਖ ਤਾਹੂ ਮਨਿ ਵੂਠਾ
ਜਿਸੁ ਜਨ ਅਪਨਾ ਹੁਕਮੁ ਮਨਾਇਆ ॥ ਸਰਬ ਥੋਕ ਨਾਨਕ ਤਿਨਿ ਪਾਇਆ ॥੧॥


ਪਦ ਅਰਥ:
ਬਸਤੂ = ਚੀਜ਼ਾਂ ਲੇ = ਲੈ ਕੇ ਪਾਛੈ ਪਾਵੈ = ਸਾਂਭ ਲੈਂਦਾ ਹੈ ਖੋਟ = ਹੀਨਤਾ, ਖਰਾ-ਪਨ, ਇਤਬਾਰ ਹਿਰਿ ਲੇਇ = ਖੋਹ ਲਏ ਮੂੜਾ = ਮੂਰਖ ਕਹਾ ਕਰੇਇ = ਕੀਹ ਕਰ ਸਕਦਾ ਹੈ ? ਚਾਰਾ = ਜ਼ੋਰ, ਪੇਸ਼ ਸਦ = ਸਦਾ ਸਰਬ = ਸਾਰੇ ਤਾਹੂ ਮਨਿ = ਉਸੇ ਦੇ ਮਨ ਵਿਚ ਵੂਠਾ = ਆ ਵੱਸਦੇ ਹਨ ਜਿਸੁ ਜਨ = ਜਿਸ ਮਨੁੱਖ ਨੂੰ ਥੋਕ = ਪਦਾਰਥ ਤਿਨਿ = ਉਸ (ਮਨੁੱਖ) ਨੇ ॥੧॥


ਅਰਥ:
(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, (ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)। (ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ, ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ? ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ, ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ। ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ, ਹੇ ਨਾਨਕ! (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ॥੧॥



ਅਗਨਤ ਸਾਹੁ ਅਪਨੀ ਦੇ ਰਾਸਿ ॥ ਖਾਤ ਪੀਤ ਬਰਤੈ ਅਨਦ ਉਲਾਸਿ ॥
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥ ਅਗਿਆਨੀ ਮਨਿ ਰੋਸੁ ਕਰੇਇ ॥
ਅਪਨੀ ਪਰਤੀਤਿ ਆਪ ਹੀ ਖੋਵੈ ॥ ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥
ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥੨॥ (ਅੰਗ ੨੬੮)



ਪਦ ਅਰਥ:
ਅਗਨਤ ਰਾਸਿ = ਅਣਗਿਣਤ (ਪਦਾਰਥਾਂ ਦੀ) ਪੂੰਜੀ ਦੇ = ਦੇਂਦਾ ਹੈ ਖਾਤ ਪੀਤ = ਖਾਂਦਾ ਪੀਂਦਾ ਬਰਤੈ = ਵਰਤਦਾ ਹੈ ਅਨਦ ਉਲਾਸਿ = ਚਾਉ ਖ਼ੁਸ਼ੀ ਨਾਲ ਅਮਾਨ = ਅਮਾਨਤ ਬਹੁਰਿ = ਮੁੜ ਮਨਿ = ਮਨ ਵਿਚ ਰੋਸੁ = ਰੋਸਾ, ਗੁੱਸਾ ਪਰਤੀਤਿ = ਇਤਬਾਰ ਖੋਵੈ = ਗਵਾ ਲੈਂਦਾ ਹੈ ਬਿਸ੍ਵਾਸੁ = ਵਿਸਾਹ ਨਿਹਾਲੁ = ਪ੍ਰਸੰਨ, ਖ਼ੁਸ਼

ਅਰਥ:
(ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ, (ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ। (ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ, ਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ; (ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ, ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ। (ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ, ਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ, ਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ। ਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ॥੨॥



ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥ ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥ ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥ ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥ (ਅੰਗ ੨੬੮)



ਪਦ ਅਰਥ:
ਭਾਤਿ = ਕਿਸਮ ਹੇਤ = ਪਿਆਰ ਸਰਪਰ = ਅੰਤ ਨੂੰ, ਜ਼ਰੂਰ ਜਾਨੁ = ਸਮਝ ਅਨੇਤ = ਨਾਹ ਨਿੱਤ ਰਹਿਣ ਵਾਲੇ, ਨਾਸਵੰਤ ਬਿਰਖ = ਰੁੱਖ ਰੰਗੁ = ਪਿਆਰ ਓਹ = ਉਹ (ਛਾਇਆ) ਉਹੁ = ਉਹ ਮਨੁੱਖ (ਜੋ ਛਾਂ ਨਾਲ ਪਿਆਰ ਪਾਉਂਦਾ ਹੈ) ਮਨਿ = ਮਨ ਵਿਚ ਦੀਸੈ = ਦਿੱਸਦਾ ਹੈ ਚਾਲਨਹਾਰੁ = ਨਾਸਵੰਤ, ਤੁਰ ਜਾਣ ਵਾਲਾ ਲਪਟਿ ਰਹਿਓ = ਜੁੜ ਰਿਹਾ ਹੈ, ਜੱਫਾ ਪਾਈ ਬੈਠਾ ਹੈ ਤਹ = ਓਥੇ, ਉਸ ਨਾਲ (ਜੋ ਚੱਲਣਹਾਰ ਹੈ) ਅੰਧ = ਅੰਨ੍ਹਾ ਅੰਧ ਅੰਧਾਰੁ = ਅੰਨ੍ਹਿਆਂ ਦਾ ਅੰਨ੍ਹਾ, ਮਹਾ ਮੂਰਖ ਲਪਟਿ ਰਹਿਓ = ਜੁੜ ਰਿਹਾ ਹੈ, ਜੱਫਾ ਪਾਈ ਬੈਠਾ ਹੈ ਤਹ = ਓਥੇ, ਉਸ ਨਾਲ (ਜੋ ਚੱਲਣਹਾਰ ਹੈ) ਅੰਧ = ਅੰਨ੍ਹਾ ਅੰਧ ਅੰਧਾਰੁ = ਅੰਨ੍ਹਿਆਂ ਦਾ ਅੰਨ੍ਹਾ, ਮਹਾ ਮੂਰਖ ਬਟਾਊ = ਰਾਹੀ, ਮੁਸਾਫ਼ਿਰ ਨੇਹ = ਪਿਆਰ, ਮੁਹੱਬਤਿ ਤਾ ਕਉ = ਉਸ ਨੂੰ ਹਾਥਿ = ਹੱਥ ਵਿਚ ਨ ਕੇਹ = ਕੁਝ ਭੀ ਨਹੀਂ


ਅਰਥ:
ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ), (ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ। (ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ, (ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛਤਾਉਂਦਾ ਹੈ। (ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ, ਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ ਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ, (ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਹੇ ਮਨ ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ; (ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ



ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥
ਮਿਥਿਆ ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥ ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਮਿਥਿਆ ਧ੍ਰੋਹ ਮੋਹ ਅਭਿਮਾਨੁ ॥ ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਅਸਥਿਰੁ ਭਗਤਿ ਸਾਧ ਕੀ ਸਰਨ ॥ ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥ (ਅੰਗ ੨੬੮)



ਪਦ ਅਰਥ:
ਮਿਥਿਆ = ਸਦਾ ਨਾਹ ਕਾਇਮ ਰਹਿਣ ਵਾਲਾ, ਜਿਸ ਦਾ ਮਾਣ ਕਰਨਾ ਝੂਠਾ ਹੋਵੇ ਕੁਟੰਬੁ = ਪਰਵਾਰ ਸਬਾਇਆ = ਸਾਰਾ ਮਮਤਾ = ਮਾਲਕੀ ਦਾ ਖ਼ਿਆਲ, ਇਹ ਖ਼ਿਆਲ ਕਿ ਇਹ ਚੀਜ਼ ਮੇਰੀ ਹੈ ਜੋਬਨ = ਜੁਆਨੀ ਬਿਕਰਾਲ = ਡਰਾਉਣਾ। ਹਸਤੀ = ਹਾਥੀ ਅਸ੍ਵ = ਘੋੜੇ ਬਸਤ੍ਰਾ = ਕੱਪੜੇ ਰੰਗ ਸੰਗਿ = ਪਿਆਰ ਨਾਲ ਪੇਖਿ = ਵੇਖ ਕੇ ਹਸਤਾ = ਹੱਸਦਾ ਹੈ ਧ੍ਰੋਹ = ਦਗ਼ਾ ਆਪਸ ਊਪਰਿ = ਆਪਣੇ ਉਤੇ ਅਸਥਿਰੁ = ਸਦਾ ਕਾਇਮ ਰਹਿਣ ਵਾਲੀ ਭਗਤਿ = ਬੰਦਗੀ, ਭਜਨ ਜਪਿ ਜਪਿ = ਸਦਾ ਜਪ ਕੇ ॥੪॥


ਅਰਥ:
(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ, (ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)-ਇਹਨਾਂ ਉਤੇ ਮਾਣ ਭੀ ਝੂਠਾ। ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ। (ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ। ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, (ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ। ਦਗ਼ਾ, ਮੋਹ ਤੇ ਅਹੰਕਾਰ-(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ; ਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ। ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ)। ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ॥੪॥




ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥ ਮਿਥਿਆ ਮਨ ਪਰ ਲੋਭ ਲੁਭਾਵਹਿ ॥
ਮਿਥਿਆ ਤਨ ਨਹੀ ਪਰਉਪਕਾਰਾ ॥ ਮਿਥਿਆ ਬਾਸੁ ਲੇਤ ਬਿਕਾਰਾ ॥
ਬਿਨੁ ਬੂਝੇ ਮਿਥਿਆ ਸਭ ਭਏ ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥ (ਅੰਗ ੨੬੮)



ਪਦ ਅਰਥ:
ਮਿਥਿਆ = ਵਿਅਰਥ ਸ੍ਰਵਨ = ਕੰਨ ਸੁਨਹਿ = ਸੁਣਦੇ ਹਨ ਹਸਤ = ਹੱਥ, {ਲਫ਼ਜ਼ "ਹਸਤ" ਅਤੇ "ਹਸਤਿ" ਦਾ ਜੋੜ ਵਖੋ ਵਖਰਾ ਹੈ, ਤੇ, ਅਰਥ ਭੀ ਵਖੋ ਵਖਰੇ ਹਸਤ = ਹੱਥ। ਹਸਤਿ = ਹਾਥੀ}ਦਰਬ = ਧਨ ਹਿਰਹਿ = ਚੁਰਾਉਂਦੇ ਹਨ ਨੇਤ੍ਰ = ਅੱਖਾਂ। ਤ੍ਰਿਅ = ਇਸਤ੍ਰੀ ਦਾ ਰਸਨਾ = ਜੀਭ ਅਨ ਸ੍ਵਾਦ = ਹੋਰ ਸੁਆਦਾਂ ਵਿਚ ਧਾਵਹਿ = ਦੌੜਦੇ ਹਨ ਬਿਕਾਰ = ਵਿਗਾੜ, ਨੁਕਸਾਨ ਮਨ = ਹੇ ਮਨ ! ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ ਪਰਉਪਕਾਰ = ਦੂਜਿਆਂ ਦੀ ਭਲਾਈ ਬਾਸੁ = ਵਾਸ਼ਨਾ, ਸੁਗੰਧੀ ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ ਦੇਹ = ਸਰੀਰ ॥੫॥

ਅਰਥ:
(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਨਿੰਦਿਆ ਸੁਣਦੇ ਹਨ, ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ; ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ, ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ); ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ ਹੇ ਮਨ ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ (ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ, (ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ (ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ ਹੇ ਨਾਨਕ ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ॥੫॥



ਬਿਰਥੀ ਸਾਕਤ ਕੀ ਆਰਜਾ ॥ ਸਾਚ ਬਿਨਾ ਕਹ ਹੋਵਤ ਸੂਚਾ ॥
ਬਿਰਥਾ ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ ॥
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੬॥ (ਅੰਗ ੨੬੯)


ਪਦ ਅਰਥ:
ਬਿਰਥੀ = ਵਿਅਰਥ ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ ਆਰਜਾ = ਉਮਰ ਤਨੁ ਅੰਧ = ਅੰਨ੍ਹੇ ਦਾ ਸਰੀਰ ਮੁਖਿ = ਮੂੰਹ ਵਿਚੋਂ ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ ਦੁਰਗੰਧ = ਬਦਬੂ ਰੈਨਿ = ਰਾਤ ਬਿਹਾਇ = ਗੁਜ਼ਰ ਜਾਂਦੀ ਹੈ ਮੇਘ = ਬੱਦਲ ਕਿਰਪਨ = ਕੰਜੂਸ ਨਿਰਾਰਥ = ਵਿਅਰਥ ਦਾਮ = ਪੈਸੇ, ਧਨ ਧੰਨਿ = ਮੁਬਾਰਕ ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ ਤਾ ਕੈ = ਉਹਨਾਂ ਤੋਂ ਬਲਿ ਬਲਿ = ਸਦਕੇ ॥੬॥

ਅਰਥ:
(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ, (ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ ? ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ, (ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦਬੂ ਆਉਂਦੀ ਹੈ ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ, (ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ, ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ, (ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ। ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥




ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥੭॥ {ਪੰਨਾ ੨੬੯}


ਪਦ ਅਰਥ :
ਰਹਤਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ । ਅਵਰਹੋਰ । ਕਛੁ ਅਵਰਕੁਝ ਹੋਰ । ਕਮਾਵਤਕਮਾਉਂਦਾ ਹੈ, ਅਮਲੀ ਜ਼ਿੰਦਗੀ ਹੈ । ਮਨਿਮਨ ਵਿਚ । ਗੰਢ ਲਾਵਤਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ । ਪਰਬੀਨਚਤੁਰ, ਸਿਆਣਾ । ਕਾਹੂਕਿਸੇ ਦੇ ਭੀਨਭਿੱਜਦਾ, ਪ੍ਰਸੰਨ ਹੁੰਦਾ । ਅਵਰਹੋਰਨਾਂ ਨੂੰ । ਜਿਸ ਕੈ ਅੰਤਰਿਜਿਸ ਮਨੁੱਖ ਦੇ ਮਨ ਵਿਚ । ਸੀਖਸਿੱਖਿਆ । ਤਿਸ ਕੀ ਸੀਖਉਸ ਦੀ ਸਿੱਖਿਆ ਨਾਲ । ਸੰਸਾਰੁਜਗਤ (ਭਾਵ, ਜਗਤ ਦਾ ਹਰੇਕ ਜੀਵ) । ਤੁਮ ਭਾਨੇਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨਤਿਨਉਹਨਾਂ ਨੇ । ਉਨ ਜਨ ਚਰਨਉਹਨਾਂ ਮਨੁੱਖਾਂ ਦੇ ਪੈਰਾਂ ਤੇ । ਪਰਾਤਾਪੈਂਦਾ ਹੈ । ਮੁਖਹੁਮੂੰਹੋਂ, ਮੂੰਹ ਦੀਆਂ ਗੱਲਾਂ ਨਾਲ ।

ਅਰਥ :
ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ; ਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ ।

(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ, (ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ ।

(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ, ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।

ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ, ਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ ।

(ਹੇ ਪ੍ਰਭੂ !) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ । ਹੇ ਨਾਨਕ ! (ਆਖ)ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ।੭।




ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥ (ਅੰਗ ੨੬੯)



ਪਦ ਅਰਥ:
ਕਰਉ = ਮੈਂ ਕਰਦਾ ਹਾਂ ਕੀਆ = ਪੈਦਾ ਕੀਤਾ ਹੋਇਆ (ਜੀਵ) ਆਪਹਿ = ਆਪ ਹੀ ਮਾਨੈ = ਮਾਣ ਦੇਂਦਾ ਹੈ ਆਪਹਿ ਆਪ = ਆਪ ਹੀਨਿਬੇਰਾ = ਫ਼ੈਸਲਾ, ਨਿਖੇੜਾ ਨੇਰਾ = ਨੇੜੇ ਸਗਲ ਤੇ ਰਹਤ = ਸਭ ਤੋਂ ਪਰੇ ਹੈ ਉਪਾਵ = ਹੀਲੇ ਰਹਤ = ਰਹਿਣੀ ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ ਤਿਸੁ = ਉਸ ਨੂੰ ਥਾਨ ਥਨੰਤਰਿ = ਹਰ ਥਾਂਸਮਾਇ ਰਹਿਆ = ਮੌਜੂਦ ਹੈ ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ ॥੮॥

ਅਰਥ:
(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ, ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ। (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ, (ਭਾਵ) ਕਿਸੇ ਨੂੰ ਇਹ ਬੁੱਧ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ। ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ। ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ, ਪ੍ਰਭੂ ਹਰ ਥਾਂ ਮੌਜੂਦ ਹੈ। ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ। ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥




ਸਲੋਕੁ ॥
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥


ਪਦ ਅਰਥ:
ਬਿਨਸਿ ਜਾਇ = ਨਾਸ ਹੋ ਜਾਏ, ਮਿਟ ਜਾਏ, ਦੂਰ ਹੋ ਜਾਏ ਅਹੰਮੇਵ = ਮੈਂ ਹੀ (ਹਾਂ), ਇਹ ਖ਼ਿਆਲ ਕਿ ਮੈਂ ਹੀ (ਵੱਡਾ) ਹਾਂ} ਅਹੰਕਾਰ ਸਰਣਾਗਤੀ = ਸਰਣ ਆਇਆ ਹਾਂ ਪ੍ਰਸਾਦੁ = ਕ੍ਰਿਪਾ, ਮੇਹਰ ਗੁਰਦੇਵ = ਹੇ ਗੁਰਦੇਵ !

ਅਰਥ:
(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ- ਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥


ਅਸਟਪਦੀ ॥
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥
ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥


ਪਦ ਅਰਥ:
ਜਿਹ ਪ੍ਰਸਾਦਿ = ਜਿਸ (ਪ੍ਰਭੂ) ਦੀ ਕ੍ਰਿਪਾ ਨਾਲ। ਅੰਮ੍ਰਿਤ = ਸੁਆਦਲੇ ਭੋਜਨ। ਖਾਹਿ = ਤੂੰ ਖਾਂਦਾ ਹੈਂ। ਸੁਗੰਧਤ = ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ। ਤਨਿ = ਸਰੀਰ ਉਤੇ। ਪਰਮ = ਉੱਚੀ। ਗਤਿ = ਪਦਵੀ, ਦਰਜਾ। ਮੰਦਰਿ = ਮੰਦਰ ਵਿਚ, ਘਰ ਵਿਚ। ਤਿਸਹਿ = ਉਸ ਨੂੰ। ਸੰਗਿ ਸੁਖ = ਸੁਖ ਨਾਲ, ਮੌਜ ਨਾਲ। ਰਸਨਾ = ਜੀਭ ਨਾਲ।

ਅਰਥ:
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿਚ (ਚੇਤੇ) ਰੱਖ। ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ, ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ। ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ, ਉਸ ਨੂੰ ਸਦਾ ਮਨ ਵਿਚ ਸਿਮਰ। ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ, ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ। ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)। ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ੧॥
 



 
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥ ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥ ਮੁਖਿ ਤਾ ਕੋ ਜਸੁ ਰਸਨ ਬਖਾਨੈ ॥
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ (ਅੰਗ 269)


ਪਦ ਅਰਥ:
ਪਟੰਬਰ = (ਪਟ-ਅੰਬਰ) ਰੇਸ਼ਮ ਦੇ ਕੱਪੜੇ । ਕਤ ਅਵਰ = ਕਿਸੇ ਹੋਰ ਥਾਂ ! ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ । ਸੋਈਜੈ = ਸਵੀਂਦਾ ਹੈ ਗਾਵੀਜੈ = ਗਾਉਣਾ ਚਾਹੀਦਾ ਹੈ । ਸਭੁ ਕੋਊ = ਹਰੇਕ ਜੀਵ । ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ । ਮੁਖਿ = ਮੂੰਹ ਨਾਲ । ਰਸਨ = ਜੀਭ ਨਾਲ । ਬਖਾਨੈ = ਉਚਾਰੇ, ਬੋਲੇ । ਕੇਵਲ = ਸਿਰਫ਼ । ਪਤਿ ਸੇਤੀ = ਇੱਜ਼ਤ ਨਾਲ ॥੨॥

ਅਰਥ:
(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ, ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ ? ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ, ਹੇ ਮਨ ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ । ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ, ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ। ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ, ਹੇ ਮਨ ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ ਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵੇਂਗਾ, ਤੇ, ਹੇ ਨਾਨਕ ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵੇਂਗਾ ॥੨॥



ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ ਨਾਨਕ ਤਾ ਕੀ ਭਗਤਿ ਕਰੇਹ ॥੩॥ (ਅੰਗ ੨੭੦)



ਪਦ ਅਰਥ:
ਆਰੋਗ = ਰੋਗ-ਰਹਿਤ, ਨਰੋਆ । ਕੰਚਨ ਦੇਹੀ = ਸੋਨੇ ਵਰਗਾ ਸਰੀਰ । ਸਨੇਹੀ = ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ । ਓਲਾ = ਪਰਦਾ । ਛਿਦ੍ਰ = ਨੁਕਸ, ਐਬ । ਪਹੂਚੈ = ਅੱਪੜਦਾ, ਬਰਾਬਰੀ ਕਰਦਾ । ਸਾਸਿ ਸਾਸਿ = ਦਮ-ਬ-ਦਮ । ਦ੍ਰੁਲਭ = ਜੋ ਬੜੀ ਮੁਸ਼ਕਲ ਨਾਲ ਲੱਭੇ । ਕਰੇਹ = ਕਰ ॥੩॥


ਅਰਥ:
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ, ਉਸ ਪਿਆਰੇ ਰਾਮ ਨਾਲ ਲਿਵ ਜੋੜ । ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ, ਹੇ ਮਨ ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ । ਹੇ ਮਨ ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ, ਹੇ ਮਨ ! ਉਸ ਪ੍ਰਭੂ ਠਾਕੁਰ ਦੀ ਸਰਣ ਪਉ । ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਮਨ ! ਉਸ ਉੱਚੇ ਪ੍ਰਭੂ ਨੂੰ ਸ੍ਵਾਸ-ਸ੍ਵਾਸ ਯਾਦ ਕਰ । ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਹੇ ਨਾਨਕ ! ਉਸ ਪ੍ਰਭੂ ਦੀ ਭਗਤੀ ਕਰ ॥੩॥



ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥
ਜਿਨਿ ਤੇਰੀ ਮਨ ਬਨਤ ਬਨਾਈ ॥ ਊਠਤ ਬੈਠਤ ਸਦ ਤਿਸਹਿ ਧਿਆਈ ॥
ਤਿਸਹਿ ਧਿਆਇ ਜੋ ਏਕ ਅਲਖੈ ॥ ਈਹਾ ਊਹਾ ਨਾਨਕ ਤੇਰੀ ਰਖੈ ॥੪॥ (ਅੰਗ ੨੭੦)



ਪਦ ਅਰਥ:
ਆਭੂਖਨ = ਗਹਣੇ, ਜ਼ੇਵਰ । ਪਹਿਰੀਜੈ = ਪਹਿਨੀਦੇ ਹਨ । ਅਸ੍ਵ = ਘੋੜੇ । ਹਸਤਿ = ਹਾਥੀ । ਮਿਲਖ = ਜ਼ਮੀਨ । ਜਿਨਿ = ਜਿਸ (ਪ੍ਰਭੂ) ਨੇ । ਬਨਤ = ਬਨਾਵਟ । ਤੇਰੀ ਬਨਤ ਬਨਾਈ = ਤੇਰੀ ਬਣੌਤ ਬਣਾਈ ਹੈ, ਤੈਨੂੰ ਸਾਜਿਆ ਹੈ । ਸਦ = ਸਦਾ । ਅਲਖ = ਜੋ ਲਖਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ । ਈਹਾ = ਇਥੇ, ਇਸ ਲੋਕ ਵਿਚ । ਊਹਾ = ਓਥੇ, ਪਰਲੋਕ ਵਿਚ । ਰਖੈ = ਤੇਰੀ ਲਾਜ ਰੱਖਦਾ ਹੈ ॥੪॥


ਅਰਥ:
ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ, ਹੇ ਮਨ ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ ? ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ, ਹੇ ਮਨ ! ਉਸ ਪ੍ਰਭੂ ਨੂੰ ਕਦੇ ਨਾ ਵਿਸਾਰੀਂ । ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ) ਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ । ਹੇ ਮਨ ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ, ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ । ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ । ਹੇ ਨਾਨਕ ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥



ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ (ਅੰਗ ੨੭੦)



ਪਦ ਅਰਥ:
ਕਰਹਿ = ਤੂੰ ਕਰਦਾ ਹੈਂ । ਆਚਾਰ = ਰਸਮ –ਰਿਵਾਜ਼ ਬਿਉਹਾਰੀ = ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ । ਅਨੂਪੁ = (ਅਨ ਊਪ) ਉਪਮਾ-ਰਹਿਤ, ਜਿਸ ਵਰਗਾ ਕੋਈ ਨਹੀਂ । ਨੀਕੀ = ਚੰਗੀ । ਪਤਿ = ਇੱਜ਼ਤ । ਕਹੈ = ਆਖਦਾ ਹੈ ॥੫॥


ਅਰਥ:
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ-ਪੁੰਨ ਕਰਦਾ ਹੈਂ, ਹੇ ਮਨ ! ਅੱਠੇ ਪਹਿਰ ਉਸ ਦਾ ਚੇਤਾ ਕਰ । ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ, ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ । ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ, ਉਸ ਸੋਹਣੇ ਮਾਲਕ ਨੂੰ ਸਦਾ ਸਿਮਰ । ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ, ਉਸ ਨੂੰ ਸਦਾ ਦਿਨ ਰਾਤ ਯਾਦ ਕਰ । ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)। ਹੇ ਨਾਨਕ ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥



ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ ਜਿਹ ਪ੍ਰਸਾਦਿ ਸੰਪੂਰਨ ਫਲਹਿ ॥
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ੬॥ (ਅੰਗ ੨੭੦)



ਪਦ ਅਰਥ:
ਸੁਨਹਿ = ਤੂੰ ਸੁਣਦਾ ਹੈਂ । ਕਰਨ = ਕੰਨਾਂ (ਨਾਲ)।  ਨਾਦ = (ਰਸੀਲੀ) ਆਵਾਜ਼ । ਪੇਖਹਿ = ਤੂੰ ਵੇਖਦਾ ਹੈਂ । ਬਿਸਮਾਦ = ਅਚਰਜ (ਨਜ਼ਾਰੇ) । ਅੰਮ੍ਰਿਤ = ਮਿੱਠੇ ਬੋਲ । ਰਸਨਾ = ਜੀਭ (ਨਾਲ) । ਸਹਜੇ = ਸੁਭਾਵਕ ਹੀ । ਹਸਤ = ਹੱਥ । ਕਰ = ਹੱਥ । ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ । ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ । ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ । ਸਹਜਿ = ਅਡੋਲ ਅਵਸਥਾ ਵਿੱਚ, ਬੇ-ਫ਼ਿਕਰੀ ਵਿੱਚ । ਸਮਾਵਹਿ = ਤੂੰ ਟਿਕਿਆ ਬੈਠਾ ਹੈਂ । ਅਵਰ ਕਤ = ਹੋਰ ਕਿਥੇ ? ਮਨਿ = ਮਨ ਵਿਚ । ਜਾਗਹੁ = ਹੁਸ਼ੀਆਰ ਹੋਵੋ ॥੬॥


ਅਰਥ:
ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ), ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ; ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ, ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ; ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ, ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ; ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ, ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ; ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ ? ਹੇ ਨਾਨਕ ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋ ॥੬॥



ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ ਰੇ ਮਨ ਮੂੜ ਤੂ ਤਾ ਕਉ ਜਾਪੁ ॥
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇਤਿਸਹਿ ਜਾਨੁ ਮਨ ਸਦਾ ਹਜੂਰੇ ॥
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇਨਾਨਕ ਜਾਪੁ ਜਪੈ ਜਪੁ ਸੋਇ ॥੭॥ (ਅੰਗ ੨੭੦)



ਪਦ ਅਰਥ:
ਜਿਸ ਪ੍ਰਸਾਦਿ = ਜਿਸ ਦੀ ਕ੍ਰਿਪਾ ਨਾਲ । ਪ੍ਰਗਟੁ = ਪ੍ਰਸਿੱਧ, ਮਸ਼ਹੂਰ, ਸੋਭਾ ਵਾਲਾ । ਸੰਸਾਰਿ = ਸੰਸਾਰ ਵਿਚ । ਮਨਹੁ = ਮਨ ਤੋਂ ਮੂੜ = ਮੂਰਖ । ਤਾ ਕਉ = ਉਸ ਨੂੰ । ਜਾਪੁ = ਯਾਦ ਕਰ । ਕਾਰਜ = ਕੰਮ । ਪੂਰੇ = ਮੁਕੰਮਲ, ਸਿਰੇ ਚੜ੍ਹਦੇ ਹਨ । ਜਾਨੁ = ਸਮਝ ਲੈ । ਹਜੂਰੇ = ਅੰਗ-ਸੰਗ । ਰਾਚੁ = ਰਚ, ਰੁੱਝ, ਜੁੜਿਆ ਰਹੁ । ਸੋਇ = ਓਹੀ ਮਨੁੱਖ । ਸਭ ਕੀ = ਹਰੇਕ ਜੀਵ ਦੀ । ਗਤਿ = ਪਹੁੰਚ ॥੭॥


ਅਰਥ:
ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ, ਉਸ ਨੂੰ ਕਦੇ ਭੀ ਮਨੋਂ ਨ ਭੁਲਾ। ਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ, ਹੇ ਮੂਰਖ ਮਨ ! ਤੂੰ ਉਸ ਪ੍ਰਭੂ ਨੂੰ ਜਪ । ਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ, ਹੇ ਮਨ ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ । ਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪ੍ਰਾਪਤ  ਹੁੰਦਾ ਹੈ, ਹੇ ਮੇਰੇ ਮਨ ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ । ਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)। ਹੇ ਨਾਨਕ ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥



ਆਪਿ ਜਪਾਏ ਜਪੈ ਸੋ ਨਾਉ ॥ ਆਪਿ ਗਾਵਾਏ ਸੁ ਹਰਿ ਗੁਨ ਗਾਉ ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ ਪ੍ਰਭੂ ਦਇਆ ਤੇ ਕਮਲ ਬਿਗਾਸੁ ॥
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ ਪ੍ਰਭ ਦਇਆ ਤੇ ਮਤਿ ਊਤਮ ਹੋਇ ॥
ਸਰਬ ਨਿਧਾਨ ਪ੍ਰਭ ਤੇਰੀ ਮਇਆ ॥ ਆਪਹੁ ਕਛੂ ਨ ਕਿਨਹੂ ਲਇਆ ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ ਨਾਨਕ ਇਨ ਕੈ ਕਛੂ ਨ ਹਾਥ ॥੮॥੬॥ {ਪੰਨਾ ੨੭੧}



ਪਦ ਅਰਥ :
ਗਾਵਾਏਗਾਵਣ ਵਿਚ ਸਹਾਇਤਾ ਕਰਦਾ ਹੈ, ਗਾਵਣ ਲਈ ਪ੍ਰੇਰਦਾ ਹੈ । ਪ੍ਰਗਾਸੁਚਾਨਣ । ਪ੍ਰਭੂ ਦਇਆਪ੍ਰਭੂ ਦੀ ਦਇਆ । ਕਮਲ ਬਿਗਾਸੁਕਮਲ ਦਾ ਬਿਗਾਸ, ਹਿਰਦੇ ਰੂਪੀ ਕਉਲ ਫੁੱਲ ਦਾ ਖਿੜਾਉ । ਪ੍ਰਸੰਨਖ਼ੁਸ਼ । ਸੋਇਉਹ (ਪ੍ਰਭੂ) । ਨਿਧਾਨਖ਼ਜ਼ਾਨੇ ਮਇਆਖ਼ੁਸ਼ੀ, ਪ੍ਰਸੰਨਤਾ । ਆਪਹੁਆਪਣੇ ਆਪ ਤੋਂ, ਆਪਣੇ  ਉੱਦਮ ਨਾਲ । ਕਿਨਹੂਕਿਸੇ ਨੇ ਭੀ । ਹਰਿ ਨਾਥਹੇ ਹਰੀ ! ਹੇ ਨਾਥ ! ਇਨ ਕੈ ਹਾਥਇਹਨਾਂ ਜੀਵਾਂ ਦੇ ਹੱਥਾਂ ਵਿਚ, ਇਹਨਾਂ ਜੀਵਾਂ ਦੇ ਵੱਸ ਵਿਚ ।


ਅਰਥ :
ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ, ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ । ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ; ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤੁੱ੍ਰਠਦਾ ਹੈ, ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ । ਹੇ ਪ੍ਰਭੂ ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ, ਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ) । ਹੇ ਹਰੀ ! ਹੇ ਨਾਥ ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ । ਹੇ ਨਾਨਕ ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ।੮।੬।