Tuesday 7 May 2013

Sukhmani Sahib (17-18)



ਸਲੋਕੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥ {ਪੰਨਾ ੨੮੫}


ਪਦ ਅਰਥ :
ਸਚੁਸਦਾ-ਥਿਰ ਰਹਿਣ ਵਾਲਾ, ਹਸਤੀ ਵਾਲਾ । ਆਦਿਮੁੱਢ ਤੋਂ । ਜੁਗਾਦਿਜੁਗਾਂ ਤੋਂ । ਨਾਨਕਹੇ ਨਾਨਕ ! ਹੋਸੀਹੋਵੇਗਾ, ਰਹੇਗਾ ।

ਅਰਥ :—
ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ । ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ।੧।


ਅਸਟਪਦੀ ॥
ਚਰਨ ਸਤਿ ਸਤਿ ਪਰਸਨਹਾਰ ॥ ਪੂਜਾ ਸਤਿ ਸਤਿ ਸੇਵਦਾਰ ॥
ਦਰਸਨ ਸਤਿ ਸਤਿ ਪੇਖਨਹਾਰ ॥ ਨਾਮੁ ਸਤਿ ਸਤਿ ਧਿਆਵਨਹਾਰ ॥
ਆਪਿ ਸਤਿ ਸਤਿ ਸਭ ਧਾਰੀ ॥ ਆਪੇ ਗੁਣ ਆਪੇ ਗੁਣਕਾਰੀ ॥
ਸਬਦੁ ਸਤਿ ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ ਸਤਿ ਜਸੁ ਸੁਨਤਾ ॥
ਬੁਝਨਹਾਰ ਕਉ ਸਤਿ ਸਭ ਹੋਇ ॥ ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥ {ਪੰਨਾ ੨੮੫}


ਪਦ ਅਰਥ :
ਸਤਿਸਦਾ-ਥਿਰ ਰਹਿਣ ਵਾਲੇ, ਅਟੱਲ । ਪਰਸਨਹਾਰ—(ਚਰਨਾਂ ਨੂੰ) ਛੋਹਣ ਵਾਲੇ । ਸੇਵਦਾਰਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ । ਪੇਖਨਹਾਰਵੇਖਣ ਵਾਲੇ । ਸਭਸਾਰੀ ਸ੍ਰਿਸ਼ਟੀ । ਧਾਰੀਟਿਕਾਈ ਹੋਈ । ਗੁਣਕਾਰੀਗੁਣ ਪੈਦਾ ਕਰਨ ਵਾਲਾ । ਬਕਤਾਉੱਚਾਰਨ ਵਾਲਾ, ਆਖਣ ਵਾਲਾ । ਸੁਰਤਿਧਿਆਨ । ਜਸੁਸਿਫ਼ਤਿ ।

ਅਰਥ :
ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ; ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ ।

ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ; ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ ।

ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ; ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ।

(ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ aੁੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ, ਪ੍ਰਭੂ ਵਿਚ ਸੁਰਤਿ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ ।

(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ); ਹੇ ਨਾਨਕ ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ।੧।


ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
ਜਾ ਕੈ ਰਿਦੈ ਬਿਸਾ੍ਵਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਭੈ ਤੇ ਨਿਰਭਉ ਹੋਇ ਬਸਾਨਾ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥
ਬਸਤੁ ਮਾਹਿ ਲੇ ਬਸਤੁ ਗਡਾਈਤਾ ਕਉ ਭਿੰਨ ਨ ਕਹਨਾ ਜਾਈ
ਬੂਝੈ ਬੂਝਨਹਾਰੁ ਬਿਬੇਕ ॥ ਨਾਰਾਇਨ ਮਿਲੇ ਨਾਨਕ ਏਕ ੨॥ {ਪੰਨਾ ੨੮੫}


ਪਦ ਅਰਥ :
ਸਤਿ ਸਰੂਪਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ । ਜਿਨਿਜਿਸ (ਮਨੁੱਖ) ਨੇ । ਮੂਲੁਮੁੱਢ, ਕਾਰਣ । ਬਿਸਾ੍ਵਸੁਸਰਧਾ । ਬਸਤੁਚੀਜ਼ ਗਡਾਈਮਿਲਾਈ । ਭਿੰਨਵੱਖਰੀ । ਬਿਬੇਕਵਿਚਾਰ, ਪਰਖ । ਨਾਰਾਇਨਅਕਾਲ ਪੁਰਖ ।

ਅਰਥ :—
ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ, ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ ।

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ, ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;

(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ, (ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;

(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ, ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ ।

(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ । ਹੇ ਨਾਨਕ ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ।੨।


ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
ਠਾਕੁਰ ਕਉ ਸੇਵਕੁ ਜਾਨੈ ਸੰਗਿ ॥ ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
ਸੇਵਕੁ ਕਉ ਪ੍ਰਭੁ ਪਾਲਨਹਾਰਾ ॥ ਸੇਵਕ ਕੀ ਰਾਖੈ ਨਿਰੰਕਾਰਾ ॥
ਸੋ ਸੇਵਕੁ ਜਿਸ ਦਇਆ ਪ੍ਰਭੁ ਧਾਰੈ ॥ ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥ {ਪੰਨਾ ੨੮੫}


ਪਦ ਅਰਥ :
ਆਗਿਆਕਾਰੀਹੁਕਮ ਮੰਨਣ ਵਾਲਾ । ਪੂਜਾਰੀਪੂਜਾ ਕਰਨ ਵਾਲਾ । ਸੇਵਕ ਕੈ ਮਨਿਸੇਵਕ ਦੇ ਮਨ ਵਿਚ । ਪਰਤੀਤਿਸਰਧਾ, ਸਿਦਕ । ਰੀਤਿਰਹੁ-ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ । ਕਉਨੂੰ । ਸੰਗਿ—(ਆਪਣੇ) ਨਾਲ । ਰੰਗਿਪਿਆਰ ਵਿਚ, ਮੌਜ ਵਿਚ । ਰਾਖੈ—(ਇੱਜ਼ਤ) ਰੱਖਦਾ ਹੈ । ਸਾਸਿ ਸਾਸਿਹਰੇਕ ਸਾਹ ਦੇ ਨਾਲ, ਦਮ-ਬ-ਦਮ । ਸਮਾਰੈਯਾਦ ਕਰਦਾ ਹੈ ।

ਅਰਥ :
ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ ਤੇ ਸਦਾ ਉਸ ਦੀ ਪੂਜਾ ਕਰਦਾ ਹੈ ।

ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ, (ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ ।

ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ ।

ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ, ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ ।

(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ; ਹੇ ਨਾਨਕ ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ।੩।


ਅਪੁਨੇ ਜਨ ਕਾ ਪਰਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥
ਅਪਨੇ ਦਾਸ ਕਉ ਦੇਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥
ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥ ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥ ਪ੍ਰਭ ਕੇ ਸੇਵਕ ਊਚ ਤੇ ਊਚੇ ॥
ਜੋ ਪ੍ਰਭਿ ਅਪਨੀ ਸੇਵਾ ਲਾਇਆ ॥ ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥ {ਪੰਨਾ ੨੮੫}


ਪਦ ਅਰਥ :
ਪਰਦਾ ਢਾਕੈਲਾਜ ਰੱਖਦਾ ਹੈ, ਔਗੁਣਾਂ ਤੇ ਪਰਦਾ ਪਾਂਦਾ ਹੈ । ਸਰਪਰਜ਼ਰੂਰ । ਰਾਖੈ—(ਲਾਜ) ਰੱਖਦਾ ਹੈ । ਵਡਾਈਵਡਿਆਈ, ਮਾਣ । ਪਤਿਇੱਜ਼ਤ । ਗਤਿਹਾਲਤ, ਅਵਸਥਾ । ਮਿਤਿਮਿਣਤੀ, (ਵਡੱਪਣ ਦਾ) ਅੰਦਾਜ਼ਾ । ਨ ਲਾਖੈਨਹੀਂ ਸਮਝ ਸਕਦਾ । ਕੋ ਨਕੋਈ ਮਨੁੱਖ ਨਹੀਂ । ਪ੍ਰਭਿਪ੍ਰਭੂ ਨੇ । ਦਹਦਸ । ਦਿਸਿਪਾਸੇ ।

ਅਰਥ :
ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ, ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ ।

ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ ।

ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ, ਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ।

ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ, (ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ ।

(ਪਰ) ਹੇ ਨਾਨਕ ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ, ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ ।੪।


ਨੀਕੀ ਕੀਰੀ ਮਹਿ ਕਲ ਰਾਖੈ ॥ ਭਸਮ ਕਰੈ ਲਸਕਰ ਕੋਟਿ ਲਾਖੈ ॥
ਜਿਸ ਕਾ ਸਾਸੁ ਨ ਕਾਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥
ਮਾਨਸ ਜਤਨ ਕਰਤ ਬਹੁ ਭਾਤਿ ॥ ਤਿਸ ਕੇ ਕਰਤਬ ਬਿਰਥੇ ਜਾਤਿ ॥
ਮਾਰੈ ਨ ਰਾਖੈ ਅਵਰੁ ਨ ਕੋਇ ॥ ਸਰਬ ਜੀਆ ਕਾ ਰਾਖਾ ਸੋਇ ॥
ਕਾਹੇ ਸੋਚ ਕਰਹਿ ਰੇ ਪ੍ਰਾਣੀ ॥ ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥ {ਪੰਨਾ ੨੮੬}


ਪਦ ਅਰਥ :
ਨੀਕੀਨਿੱਕੀ, ਛੋਟੀ । ਕੀਰੀਕੀੜੀ । ਕਲਤਾਕਤ । ਭਸਮਸੁਆਹ । ਕੋਟਿਕਰੋੜ । ਦੇ ਕਰਿਦੇ ਕੇ । ਮਾਨਸਮਨੁੱਖ । ਬਹੁ ਭਾਤਿਬਹੁਤ ਕਿਸਮ ਦੇ । ਕਰਤਬਕੰਮ । ਬਿਰਥੇਵਿਅਰਥ । ਅਵਰੁਹੋਰ । ਸਰਬਸਾਰੇ । ਕਾਹੇਕਿਉਂ ? ਕਿਸ ਲਾਭ ਹਿਤ ? ਕਰਹਿਤੂੰ ਕਰਦਾ ਹੈਂ ਅਲਖਜਿਸ ਦਾ ਬਿਆਨ ਨ ਹੋ ਸਕੇ । ਵਿਡਾਣੀਅਚਰਜ ।

ਅਰਥ :
(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ, (ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ ।

ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ, ਉਸ ਨੂੰ ਹੱਥ ਦੇ ਕੇ ਰੱਖਦਾ ਹੈ ।

ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ (ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ ।

(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ; ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ ।

ਹੇ ਪ੍ਰਾਣੀ ! ਤੂੰ ਕਿਉਂ ਫ਼ਿਕਰ ਕਰਦਾ ਹੈਂ ? ਹੇ ਨਾਨਕ ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ।੫।


ਬਾਰੰਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥
ਊਠਤ ਬੈਠਤ ਸੋਵਤ ਨਾਮੁ ॥ ਕਹੁ ਨਾਨਕ ਜਨ ਕੈ ਸਦ ਕਾਮ ॥੬॥ {ਪੰਨਾ ੨੮੬}


ਪਦ ਅਰਥ :—
ਪੀਪੀ ਕੇ । ਧ੍ਰਪੀਐਰਜਾਵੀਏ, ਤ੍ਰਿਪਤ ਕਰੀਏ । ਤਨੁ—(ਭਾਵ,) ਸਰੀਰਕ ਇੰਦ੍ਰੇ । ਜਿਨਿਜਿਸ ਨੇ । ਗੁਰਮੁਖਿਜਿਸ ਦਾ ਮੁਖ ਗੁਰੂ ਵੱਲ ਹੈ । ਦ੍ਰਿਸਟਾਇਆਵੇਖਿਆ । ਨਾਮੋਨਾਮ ਹੀ । ਨਾਮ ਰਸਿਨਾਮ ਦੇ ਸੁਆਦ ਵਿਚ । ਤ੍ਰਿਪਤਾਨੇਰੱਜ ਗਏ ਹਨ । ਨਾਮਹਿ ਨਾਮਿਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ । ਸਮਾਨੇਜੁੜੇ ਰਹਿੰਦੇ ਹਨ । ਸਦਸਦਾ । ਜਨ ਕੈਸੇਵਕ ਦੇ ਹਿਰਦੇ ਵਿਚ । ਕਾਮਕੰਮ, ਆਹਰ ।

ਅਰਥ :
(ਹੇ ਭਾਈ !) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ ।

ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ, ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ;

ਨਾਮ (ਉਸ ਗੁਰਮੁਖ ਦਾ) ਧਨ ਹੈ, ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ ।

ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ, ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ ।

ਹੇ ਨਾਨਕ ! ਆਖ ਕਿ ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ।੬।


ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰਭਿ ਅਪਨੈ ਜਨ ਕੀਨੀ ਦਾਤਿ ॥
ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰਹਹਿ ਸਮਾਇ ॥
ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ
ਤਿਸ ਕੀ ਮਹਿਮਾ ਕਉਨ ਬਖਾਨਉ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥
ਆਠ ਪਹਰ ਪ੍ਰਭ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ ॥੭॥ {ਪੰਨਾ ੨੮੬}


ਪਦ ਅਰਥ :
ਜਿਹਬਾਜੀਭ ਨਾਲ । ਜਸੁਵਡਿਆਈਪ੍ਰਭਿਪ੍ਰਭੂ ਨੇ । ਅਪਨੈ ਜਨਆਪਣੇ ਸੇਵਕਾਂ ਨੂੰ । ਕੀਨੀਕੀਤੀ ਹੈ । ਕਰਹਿਕਰਦੇ ਹਨ । ਚਾਇਚਾਉ ਨਾਲ, ਉਤਸ਼ਾਹ ਨਾਲ । ਸਿਉਨਾਲ । ਮਹਿਮਾਵਡਿਆਈ । ਬਖਾਨਉਮੈਂ ਦੱਸਾਂ । ਕਹਿ ਨ ਜਾਨਉਆਖਣਾ ਨਹੀਂ ਜਾਣਦਾ । ਬਸਹਿਵੱਸਦੇ ਹਨ ।

ਅਰਥ :
(ਹੇ ਭਾਈ !) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ, ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;

(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ।

(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ, ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;

ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ ? ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ ।

ਹੇ ਨਾਨਕ ! ਆਖਉਹ ਮਨੁੱਖ ਪੂਰੇ ਭਾਂਡੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ


ਮਨ ਮੇਰੇ ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ ਤਿਨ ਜਨ ਦੇਹਿ ॥
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਸੋ ਜਨੁ ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥
ਆਵਨੁ ਜਾਨੁ ਨਾ ਹੋਵੀ ਤੇਰਾ ॥ ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ {ਪੰਨਾ ੨੮੬}


ਪਦ ਅਰਥ :
ਤਿਨ ਕੀਉਹਨਾਂ ਮਨੁੱਖਾਂ ਦੀ । ਓਟਆਸਰਾ । ਤਿਨ ਜਨਉਹਨਾਂ ਸੇਵਕਾਂ ਨੂੰ । ਜਿਨਿ ਜਨਿਜਿਸ ਮਨੁੱਖ ਨੇ । ਥੋਕਪਦਾਰਥ, ਚੀਜ਼ । ਦਾਤਾਦੇਣ ਵਾਲਾ, ਦੇਣ ਦੇ ਸਮਰੱਥ । ਪਾਵਹਿਤੂੰ ਪਾਵੇਗਾ ਦਰਸਿਦੀਦਾਰ ਕਰਨ ਨਾਲ । ਸਿਆਨਪਚਤੁਰਾਈ । ਆਵਨੁ ਜਾਨੁਜਨਮ ਤੇ ਮਰਨ । ਨਾ ਹੋਵੀਨਹੀਂ ਹੋਵੇਗਾ ।

ਅਰਥ :
ਹੇ ਮੇਰੇ ਮਨ ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ ।

ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ;

(ਹੇ ਮਨ !) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿéਗਾ । ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿéਗਾ;

ਹੋਰ ਚੁਤਰਾਈ ਛੱਡ ਦੇਹ, ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ !

ਹੇ ਨਾਨਕ ! ਉਸ ਸੰਤ ਜਨ ਦੇ ਸਦਾ ਪੈਰ ਪੂਜ, (ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ ।੮।੧੭।


ਸਲੋਕੁ ॥
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ ੨੮੬}


ਪਦ ਅਰਥ :
ਸਤਿਸਦਾ ਕਾਇਮ ਰਹਿਣ ਵਾਲਾ, ਹੋਂਦ ਵਾਲਾ । ਪੁਰਖੁਸਭ ਵਿਚ ਵਿਆਪਕ ਆਤਮਾ । ਸਤਿ ਪੁਰਖੁਉਹ ਜੋਤਿ ਜੋ ਸਦਾ-ਥਿਰ ਤੇ ਸਭ ਵਿਚ ਵਿਆਪਕ ਹੈ । ਜਿਨਿਜਿਸ ਨੇ । ਤਿਸ ਕੈ ਸੰਗਿਉਸ (ਸਤਿਗੁਰੂ) ਦੀ ਸੰਗਤਿ ਵਿਚ । ਉਧਰੈ—(ਵਿਕਾਰਾਂ ਤੋਂ) ਬਚ ਜਾਂਦਾ ਹੈ ।

ਅਰਥ
ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ, ਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ ।੧।


ਅਸਟਪਦੀ ॥
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ {ਪੰਨਾ ੨੮੬}


ਪਦ ਅਰਥ :
ਪ੍ਰਤਿਪਾਲਰੱਖਿਆ । ਕਉਨੂੰ, ਉਤੇ । ਦੁਰਮਤਿਭੈੜੀ ਮਤਿ । ਹਿਰੈਦੂਰ ਕਰਦਾ ਹੈ । ਗੁਰਬਚਨੀਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ । ਹਾਟੈਹਟ ਜਾਂਦਾ ਹੈ । ਦੇਇਦੇਂਦਾ ਹੈ । ਵਡਭਾਗੀਵੱਡੇ ਭਾਗਾਂ ਵਾਲਾ । ਹੇਹੈ । ਹਲਤੁਇਹ ਲੋਕ । ਪਲਤੁ - ਪਰ ਲੋਕ ਜੀਅ ਨਾਲਜਿੰਦ ਨਾਲ ।

ਅਰਥ :
ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ, ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ ।

ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ, ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ ।

ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ (ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;

(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ (ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ।

ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ । ਹੇ ਨਾਨਕ ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ।੧।


ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥
ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥ {ਪੰਨਾ ੨੮੬-੨੮੭}


ਪਦ ਅਰਥ :
ਗ੍ਰਿਹਿਘਰ ਵਿਚ । ਗੁਰ ਕੈ ਗ੍ਰਿਹਿਗੁਰੂ ਦੇ ਘਰ ਵਿਚ । ਸਹੈਸਹਾਰਦਾ ਹੈ । ਆਪਸ ਕਉਆਪਣੇ ਆਪ ਨੂੰ । ਜਨਾਵੈਜਣਾਉਂਦਾ, ਜਤਾਉਂਦਾ । ਰਾਸਿਸਫਲ, ਸਿੱਧ । ਨਿਹਕਾਮੀਕਾਮਨਾ-ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾਸੁਆਮੀਮਾਲਿਕ, ਪ੍ਰਭੂ ।

ਅਰਥ :
ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ, ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;

ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;

ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ) ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।

ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ, ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ ।

ਹੇ ਨਾਨਕ ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ ।੨।


ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
ਸੋ ਸਤਿਗੁਰੁ ਜਿਸ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਉ ॥
ਸਰਬ ਨਿਧਾਨ ਜੀਅ ਕਾ ਦਾਤਾ ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ ਆਪਿ ਨਹੀ ਕਛੁ ਭਰਮੁ ॥
ਸਹਸ ਸਿਆਨਪ ਲਇਆ ਨ ਜਾਈਐ ॥ ਨਾਨਕ ਐਸਾ ਗੁਰੁ ਬਡ ਭਾਗੀ ਪਾਈਐ ॥੩॥ {ਪੰਨਾ ੨੮੭}


ਪਦ ਅਰਥ :
ਬੀਸ ਬਿਸਵੇਵੀਹ ਵਿਸਵੇ, ਪੂਰੇ ਤੌਰ ਤੇ । ਮਾਨੈਪਤਿਆ ਲਏ, ਯਕੀਨ ਦਿਵਾ ਲਏ । ਅਨਿਕ ਬਾਰਕਈ ਵਾਰੀ । ਨਿਧਾਨਖ਼ਜ਼ਾਨੇ । ਜੀਅਜਿੰਦ, ਆਤਮਕ ਜੀਵਨ । ਪਾਰਬ੍ਰਹਮ ਰੰਗਿਪ੍ਰਭੂ ਦੇ ਪਿਆਰ ਵਿਚ । ਰਾਤਾਰੱਤਾ ਹੋਇਆ, ਰੰਗਿਆ ਹੋਇਆ । ਜਨੁਸੇਵਕ । ਭਰਮੁਭੁਲੇਖਾ । ਸਹਸਹਜ਼ਾਰਾਂ ।

ਅਰਥ :
ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ, ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ ।

ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, (ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ ।

(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ, (ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ ।

(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ), ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ

ਹੇ ਨਾਨਕ ! ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ, ਵੱਡੇ ਭਾਗਾਂ ਨਾਲ ਮਿਲਦਾ ਹੈ ।੩।


ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥
ਭੇਟਤ ਸੰਗਿ ਰਾਮ ਗੁਨ ਰਵੇ ॥ ਪਾਰਬ੍ਰਹਮ ਕੀ ਦਰਗਹ ਗਵੇ ॥
ਸੁਨਿ ਕਰਿ ਬਚਨ ਕਰਨ ਆਘਾਨੇ ॥ ਮਨਿ ਸੰਤੋਖੁ ਆਤਮ ਪਤੀਆਨੇ ॥
ਪੂਰਾ ਗੁਰੁ ਅਖ´ਉ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
ਗੁਣ ਬਿਅੰਤ ਕੀਮਤਿ ਨਹੀ ਪਾਇ ॥ ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥ {ਪੰਨਾ ੨੮੭}


ਪਦ ਅਰਥ :ਸਫਲਫਲ ਦੇਣ ਵਾਲਾ । ਪੇਖਤਵੇਖਦਿਆਂ । ਪੁਨੀਤਪਵਿਤ੍ਰ ਪਰਸਤਛੋਹਿਆਂ । ਗਤਿ ਨਿਰਮਲ ਰੀਤਿਨਿਰਮਲ ਗਤਿ ਤੇ ਨਿਰਮਲ ਰੀਤਿ, ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ । ਭੇਟਤਮਿਲਿਆਂ ਰਵੇਗਾਏ ਜਾਂਦੇ ਹਨ । ਗਵੇਪਹੁੰਚ ਹੋ ਜਾਂਦੀ ਹੈ । ਕਰਨਕੰਨ । ਆਘਾਨੇਰੱਜ ਜਾਂਦੇ ਹਨ । ਪਤੀਆਨੇਪਤੀਜ ਜਾਂਦਾ ਹੈ, ਮੰਨ ਜਾਂਦਾ ਹੈ । ਅਖ´ਨਾਸ ਨਾਹ ਹੋਣ ਵਾਲਾ, ਸਦਾ ਕਾਇਮ । ਪੇਖੈਵੇਖਦਾ ਹੈ । ਮੰਤ੍ਰਉਪਦੇਸ਼ ।

ਅਰਥ :ਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ, ਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ ।

ਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ ।

ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ, ਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ ।

ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ, (ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ

ਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ । ਹੇ ਨਾਨਕ ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ।੪।


ਜਿਹਬਾ ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥
ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥
ਨਿਰਾਹਾਰ ਨਿਰਵੈਰ ਸੁਖਦਾਈ ॥ ਤਾ ਕੀ ਕੀਮਤਿ ਕਿਨੈ ਨ ਪਾਈ ॥
ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ
ਸਦ ਬਲਿਹਾਰੀ ਸਤਿਗੁਰ ਅਪਨੇ ॥ ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥ {ਪੰਨਾ ੨੮੭}


ਪਦ ਅਰਥ :—
ਉਸਤਤਿਵਡਿਆਈ, ਗੁਣ । ਬਿਬੇਕਪਰਖ, ਵਿਚਾਰ । ਕਾਹੂ ਬੋਲਕਿਸੇ ਗੱਲੇ । ਅਗੋਚਰਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਹੀਂ । ਨਿਰਬਾਨੀਵਾਸਨਾ-ਰਹਿਤ । ਨਿਰਾਹਾਰਨਿਰ-ਆਹਾਰ, ਖ਼ੁਰਾਕ ਤੋਂ ਬਿਨਾ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ । ਬੰਦਨਨਮਸਕਾਰ, ਪ੍ਰਣਾਮ । ਜਿਸ ਪ੍ਰਸਾਦਿਜਿਸ ਦੀ ਕਿਰਪਾ ਨਾਲ ।

ਅਰਥ :
(ਮਨੁੱਖ ਦੀ) ਜੀਭ ਇੱਕ ਹੈ, ਪਰ ਪੂਰਨ ਪੁਰਖ ਵਾਲੇ ਸਦਾ-ਥਿਰ ਵਿਆਪਕ ਪ੍ਰਭੂ ਦੇ ਅਨੇਕਾਂ ਗੁਣ ਹਨ;

ਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ, ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ।

ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ, ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ ।

ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ, ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ ।

ਹੇ ਨਾਨਕ ! (ਆਖ—) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ ।੫।


ਇਹੁ ਹਰਿ ਰਸੁ ਪਾਵੈ ਜਨੁ ਕੋਇ ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨਤਾਸ ॥
ਆਠ ਪਹਰ ਹਰਿ ਕਾ ਨਾਮੁ ਲੇਇ ॥ ਸਚੁ ਉਪਦੇਸੁ ਸੇਵਕ ਕਉ ਦੇਇ ॥
ਮੋਹ ਮਾਇਆ ਕੈ ਸੰਗਿ ਨ ਲੇਪੁ ॥ ਮਨ ਮਹਿ ਰਾਖੈ ਹਰਿ ਹਰਿ ਏਕੁ ॥
ਅੰਧਕਾਰ ਦੀਪਕ ਪਰਗਾਸੇ ॥ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥ {ਪੰਨਾ ੨੮੭}


ਪਦ ਅਰਥ :
ਜਨੁ ਕੋਇਕੋਈ ਵਿਰਲਾ ਮਨੁੱਖ । ਗੁਨਤਾਸਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ । ਲੇਪੁਲਗਾਉ, ਜੋੜ । ਅੰਧਕਾਰਹਨੇਰਾ । ਤਹ ਤੇਉਸ (ਮਨੁੱਖ) ਤੋਂ ।

ਅਰਥ :
ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ, (ਤੇ ਜੋ ਮਾਣਦਾ ਹੈ) ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ ।

ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ, ਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ) ।

(ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ, ਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ ।

ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ, ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ ।

ਹੇ ਨਾਨਕ ! (ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ, ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ।੬।


ਤਪਤਿ ਮਾਹਿ ਠਾਢਿ ਵਰਤਾਈ ॥ ਅਨਦੁ ਭਇਆ ਦੁਖ ਨਾਠੇ ਭਾਈ ॥
ਜਨਮ ਮਰਨ ਕੇ ਮਿਟੇ ਅੰਦੇਸੇ ॥ ਸਾਧੂ ਕੇ ਪੂਰਨ ਉਪਦੇਸੇ ॥
ਭਉ ਚੂਕਾ ਨਿਰਭਉ ਹੋਇ ਬਸੇ ॥ ਸਗਲ ਬਿਆਧਿ ਮਨ ਤੇ ਖੈ ਨਸੇ ॥
ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥ ਸਾਧ ਸੰਗਿ ਜਪਿ ਨਾਮੁ ਮੁਰਾਰੀ ॥
ਥਿਤਿ ਪਾਈ ਚੂਕੇ ਭ੍ਰਮ ਗਵਨ ॥ ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥ {ਪੰਨਾ ੨੮੭}


ਪਦ ਅਰਥ :
ਤਪਤਿਤਪਸ਼, ਵਿਕਾਰਾਂ ਦਾ ਜੋਸ਼ । ਠਾਢਿਠੰਢ । ਭਇਆਹੋ ਗਿਆ । ਅੰਦੇਸੇਫ਼ਿਕਰ, ਚਿੰਤਾ । ਸਾਧੂਗੁਰੂ । ਬਿਆਪਿਸਰੀਰਕ ਰੋਗ । ਖੈਨਾਸ ਹੋ ਕੇ । ਜਪਿਜਪ ਕੇ, ਜਪਣ ਨਾਲ । ਥਿਤਿਟਿਕਾਉ, ਸ਼ਾਂਤੀ । ਚੂਕੇਮੁੱਕ ਗਏ । ਭ੍ਰਮਭਰਮ, ਭੁਲੇਖੇ । ਸੁਨਿਸੁਣ ਕੇ ।

ਅਰਥ :
ਹੇ ਭਾਈ ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ, ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ ਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ ।

(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ ।

ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ; ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ, ਤੇ ਹੇ ਨਾਨਕ ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ ।੭।


ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ
ਅਪਨੇ ਚਰਤਿ ਪ੍ਰਭਿ ਆਪਿ ਬਨਾਏ ॥ ਅਪੁਨੀ ਕੀਮਤਿ ਆਪੇ ਪਾਏ ॥
ਹਰਿ ਬਿਨੁ ਦੂਜਾ ਨਾਹੀ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥
ਓਤਿ ਪੋਤਿ ਰਵਿਆ ਰੂਪ ਰੰਗ ॥ ਭਏ ਪ੍ਰਗਾਸ ਸਾਧ ਕੈ ਸੰਗਿ ॥
ਰਚਿ ਰਚਨਾ ਅਪਨੀ ਕਲ ਧਾਰੀ ॥ ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ {ਪੰਨਾ ੨੮੭-੨੮੮}


ਪਦ ਅਰਥ :
ਨਿਰਗੁਨੁਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ । ਸਰਗੁਨੁਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ, ਸਾਰਾ ਦ੍ਰਿਸ਼ਟਮਾਨ ਜਗਤ-ਰੂਪ । ਮੋਹੀਮੋਹ ਲਈ ਹੈ । ਓਤਿ ਪੋਤਿਤਾਣੇ ਪੇਟੇ ਵਾਂਗ । ਰਵਿਆਵਿਆਪਕ ਹੈ । ਕਲਤਾਕਤ, ਕਲਾ ।

ਅਰਥ :
ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ, ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ ।

ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ, ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ ।

ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ, ਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ ।

ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ; ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ ।

ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ । ਹੇ ਨਾਨਕ ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ।੮।੧੮।

No comments:

Post a Comment