Wednesday, 4 September 2013

Sukhmani Sahib (23-24)



ਸਲੋਕੁ ॥
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥ {ਪੰਨਾ ੨੯੩}


ਪਦ ਅਰਥ :—
ਅੰਜਨੁ—ਸੁਰਮਾ । ਗੁਰਿ—ਗੁਰੂ ਨੇ । ਅੰਧੇਰ ਬਿਨਾਸੁ—ਹਨੇਰੇ ਦਾ ਨਾਸ । ਸੰਤ ਭੇਟਿਆ—ਗੁਰੂ ਨੂੰ ਮਿਲਿਆ । ਮਨਿ—ਮਨ ਵਿਚ । ਪਰਗਾਸੁ—ਚਾਨਣ ।


ਅਰਥ :—
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ ।

ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ।੧।


ਅਸਟਪਦੀ ॥
ਸੰਤ ਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥
ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥
ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ ॥
ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥ ਨਾਨਕ ਤਿਸੁ ਜਨ ਸੋਝੀ ਪਾਏ ॥੧॥ {ਪੰਨਾ ੨੯੩}


ਪਦ ਅਰਥ :—
ਅੰਤਰਿ—(ਆਪਣੇ) ਅੰਦਰ । ਨਾਨਾ—ਕਈ ਕਿਸਮ ਦੇ । ਦ੍ਰਿਸਟਾਹਿ—ਵੇਖਣ ਵਿਚ ਆਉਂਦੇ ਹਨ । ਸਮਿਗ੍ਰੀ—ਪਦਾਰਥ । ਏਕਸੁ—ਇਕੋ ਹੀ । ਘਟ ਮਾਹਿ—ਘਟ ਵਿਚ । ਏਕਸੁ ਘਟ ਮਾਹਿ—ਇਕ (ਪ੍ਰਭੂ) ਵਿਚ ਹੀ ! ਬਿਸ੍ਰਾਮੁ—ਟਿਕਾਣਾ । ਸੁੰਨ ਸਮਾਧਿ—ਉਹ ਸਮਾਧੀ ਜਿਸ ਵਿਚ ਕੋਈ ਫੁਰਨਾ ਨਾਹ ਉਠੇ । ਅਨਹਦ—ਇਕ-ਰਸ, ਲਗਾਤਾਰ । ਤਹ—ਓਥੇ, ਉਸ ਸਰੀਰ ਵਿਚ । ਨਾਦ—ਆਵਾਜ਼, ਰਾਗ । ਬਿਸਮਾਦ—ਅਚਰਜ ।

ਅਰਥ :—
(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ, ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ।

(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ), (ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ;

(ਉਸ ਮਨੁੱਖ ਦੇ) ਸਰੀਰ ਵਿਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ) ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ;

ਉਸ ਮਨੁੱਖ ਦੇ ਅੰਦਰ ਅਫੁਰ ਸੁਰਤਿ ਜੁੜੀ ਰਹਿੰਦੀ ਹੈ, ਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ ।

(ਪਰ) ਹੇ ਨਾਨਕ ! ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ (ਕਿਉੁਂਕਿ) ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ।੧।


ਸੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥
ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥
ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥
ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥
ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥ {ਪੰਨਾ ੨੯੩-੨੯੪}


ਪਦ ਅਰਥ :—
ਧਰਨਿ—ਧਰਤੀ । ਪਇਆਲ—ਪਤਾਲ । ਸਰਬ ਲੋਕ—ਸਾਰੇ ਭਵਨਾਂ ਵਿਚ । ਬਨਿ—ਜੰਗਲ ਵਿਚ । ਤਿਨਿ—ਤ੍ਰਿਣ ਵਿਚ, ਘਾਹ ਆਦਿਕ ਵਿਚ । ਪਰਬਤਿ—ਪਰਬਤ ਵਿਚ । ਆਗਿਆ—ਹੁਕਮ । ਕਰਮੁ—ਕੰਮ । ਬੈਸੰਤਰ—ਅੱਗ । ਕੁੰਟ—ਕੂਟ । ਦਿਸ—ਤਰਫ਼, ਪਾਸਾ । ਭਿੰਨ—ਵੱਖਰਾ ।

ਅਰਥ :—
ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ) ਹਰੇਕ ਸਰੀਰ ਵਿਚ ਮੌਜੂਦ ਹੈ;

ਧਰਤੀ ਅਕਾਸ਼ ਤੇ ਪਤਾਲ ਵਿਚ ਹੈ, ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ;

ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ; ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;

ਪਉਣ ਵਿਚ, ਪਾਣੀ ਵਿਚ, ਅੱਗ ਵਿਚ, ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ;

ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ; (ਪਰ) ਹੇ ਨਾਨਕ ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।੨।

ਬੇਦ ਪੁਰਾਨੁ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖ´ਤ੍ਰ ਮਹਿ ਏਕੁ ॥
ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥
ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥
ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥
ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥ {ਪੰਨਾ ੨੯੪}


ਪਦ ਅਰਥ—
ਸਸੀਅਰੁ—ਚੰਦ੍ਰਮਾ । ਸੂਰ—ਸੂਰਜ । ਨਖ´ਤ੍ਰ—ਤਾਰੇ । ਸਭੁ ਕੋ—ਹਰੇਕ ਜੀਵ । ਕਲਾ—ਤਾਕਤਾਂ । ਕਰਿ—ਰਚ ਕੇ । ਮੋਲਿ—ਮੁੱਲ ਤੋਂ । ਗੁਣਹ ਅਮੋਲ—ਅਮੋਲਕ ਗੁਣਾਂ ਵਾਲਾ ਹੈ । ਧਾਰਿ ਰਹਿਓ—ਆਸਰਾ ਦੇ ਰਿਹਾ ਹੈ । ਓਤਿ ਪੋਤਿ—ਤਾਣੇ ਪੇਟੇ ਵਾਂਗ । ਬਿਸਾਸੁ—ਵਿਸ਼ਵਾਸ, ਯਕੀਨ ।

ਅਰਥ :—
ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ; ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;

ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ; (ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ ।

ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ, (ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;

ਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ) ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;

(ਪਰ) ਹੇ ਨਾਨਕ ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਮਨੁੱਖਾਂ ਦੇ ਅੰਦਰ ਬਣਦਾ ਹੈ ਜਿਨ੍ਹਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ ।੩।


ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥
ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥
ਜੋ ਜੋ ਹੋਇ ਸੋਈ ਸੁਖੁ ਮਾਨੈ ॥ ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥
ਅੰਤਰਿ ਬਸੇ ਬਾਹਰਿ ਭੀ ਓਹੀ ॥ ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥ {ਪੰਨਾ ੨੯੪}


ਪਦ ਅਰਥ :—
ਪੇਖਨੁ—ਵੇਖਣਾ । ਸਭੁ—ਸਾਰਾ, ਹਰ ਥਾਂ । ਸਭਿ—ਸਾਰੇ । ਧਰਮ—ਧਰਮ ਦੇ ਖ਼ਿਆਲ । ਸੁਭ—ਚੰਗੇ । ਜਿਨਿ—ਜਿਸ (ਸਾਧੂ) ਨੇ । ਰਹਤ—ਰਹਣੀ । ਸਭਿ ਸਤਿ ਬਚਨ—ਸਾਰੇ ਸੱਚੇ ਬਚਨ । ਮੋਹੀ—ਮਸਤ ਹੋ ਜਾਂਦੀ ਹੈ । ਸਭ—ਸਾਰੀ ਸ੍ਰਿਸ਼ਟੀ ।

ਅਰਥ :—
ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ) ।

ਸੰਤ ਜਨ ਭਲੇ ਬਚਨ ਹੀ ਸੁਣਦੇ ਹਨ ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ ।

ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;

(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ, ਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ ।

(ਸਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ । ਹੇ ਨਾਨਕ ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ।੪।


ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥
ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥
ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥
ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥
ਅੰਤਰ ਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥੫॥ {ਪੰਨਾ ੨੯੪}


ਪਦ ਅਰਥ :—
ਸਤਿ—ਹੋਂਦ ਵਾਲਾ । ਉਤਪਤਿ—ਪੈਦਾਇਸ਼, ਸ੍ਰਿਸ਼ਟੀ । ਤਿਸੁ ਭਾਵੈ—ਜੇ ਉਸ ਪ੍ਰਭੂ ਨੂੰ ਚੰਗਾ ਲੱਗੇ । ਕਲਾ—ਤਾਕਤ । ਨਿਕਟਿ—ਨੇੜੇ । ਭਰਪੂਰਿ—ਵਿਆਪਕ । ਅੰਤਰਗਤਿ—ਅੰਦਰਲੀ ਉੱਚੀ ਅਵਸਥਾ । ਜਨਾਏ—ਸੁਝਾਉਂਦਾ ਹੈ ।


ਅਰਥ :—
ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ) ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ ।

ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ, ਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ ।

ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ; ਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।

ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ ? ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ ।

ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ, ਹੇ ਨਾਨਕ ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ।੫।


ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥
ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥
ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥
ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥
ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥ {ਪੰਨਾ ੨੯੪}


ਪਦ ਅਰਥ :—
ਭੂਤ—ਜੀਵ । ਵਰਤਾਰਾ—ਵਰਤ ਰਿਹਾ ਹੈ, ਮੌਜੂਦ ਹੈ । ਨੈਨ—ਅੱਖਾਂ । ਤਨਾ—ਸਰੀਰ । ਜਸੁ—ਸੋਭਾ । ਖੇਲੁ—ਤਮਾਸ਼ਾ । ਆਗਿਆਕਾਰੀ—ਹੁਕਮ ਵਿਚ ਤੁਰਨ ਵਾਲੀ । ਮਧਿ—ਵਿਚ, ਅੰਦਰ । ਅਲਿਪਤੋ—ਨਿਰਲੇਪ ।

ਅਰਥ :—
ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ, (ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ । (ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ, (ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ ।

(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ ।

ਹੇ ਨਾਨਕ ! (ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ, ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ।੬।


ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥
ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥
ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥
ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥
ਤਿਸ ਕਾ ਕੀਆ ਸਭੁ ਪਰਵਾਨੁ ॥ ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥ {ਪੰਨਾ ੨੯੪}


ਪਦ ਅਰਥ :—
ਇਸ ਤੇ—ਇਸ (ਪ੍ਰਭੂ) ਤੋਂ । ਓਰੈ—(ਰੱਬ ਤੋਂ) ਉਰੇ, ਰੱਬ ਤੋਂ ਬਿਨਾ । ਕਿਨੈ—ਕਿਸੇ ਨੇ । ਕਰਤੂਤਿ—ਕੰਮ । ਨੀਕੀ—ਚੰਗੀ । ਜੀ ਕੀ—ਦਿਲ ਦੀ । ਸਾਚੁ—ਹੋਂਦ ਵਾਲਾ । ਸਭ—ਸਾਰੀ ਰਚਨਾ । ਓਤਿ ਪੋਤਿ—ਤਾਣੇ ਪੇਟੇ ਵਾਂਗ । ਮਿਤਿ—ਮਿਣਤੀ ।

ਅਰਥ :—
ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ; ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ ?

ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ, ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ ।

ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ, ਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ ।

ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ—ਇਹ ਗੱਲ ਬਿਆਨ ਨਹੀਂ ਹੋ ਸਕਦੀ, ਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ ।

ਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ, (ਪਰ) ਹੇ ਨਾਨਕ ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ।੭।


ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸ ਪ੍ਰਸਾਦਿ ਸਭੁ ਜਗਤੁ ਤਰਾਇਆ ॥
ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥ {ਪੰਨਾ ੨੯੪-੨੯੫}


ਪਦ ਅਰਥ :—
ਕੁਲਵੰਤੁ—ਚੰਗੀ ਕੁਲ ਵਾਲਾ । ਪਤਿਵੰਤੁ—ਇੱਜ਼ਤ ਵਾਲਾ । ਜੀਵਨ ਮੁਕਤਿ—ਜਿਸ ਨੇ ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਮੁਕਤੀ ਪਾ ਲਈ ਹੈ । ਜਿਸੁ ਰਿਦੈ—ਜਿਸ ਦੇ ਹਿਰਦੇ ਵਿਚ । ਧੰਨੁ—ਮੁਬਾਰਿਕ । ਸੁਆਉ—ਪ੍ਰਯੋਜਨ, ਮਨੋਰਥ । ਚਿਤਿ—ਚਿਤ ਵਿਚ ।

ਅਰਥ :—
ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ, ਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ ।

ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ, ਉਹ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ ।

ਜਿਸ ਮਨੁੱਖ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ, ਉਸ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ ।

ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ ।

ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ; ਹੇ ਨਾਨਕ ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ।੮।੨੩।

ਸਲੋਕੁ ॥
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ {ਪੰਨਾ ੨੯੫}


ਪਦ ਅਰਥ :—
ਪੂਰਾ—ਮੁਕੰਮਲ, ਸਦਾ ਕਾਇਮ ਰਹਿਣ ਵਾਲਾ । ਪੂਰਾ ਜਾ ਕਾ ਨਾਉ—ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ । ਆਰਾਧਿਆ—(ਜਿਸ ਮਨੁੱਖ ਨੇ) ਸਿਮਰਿਆ ਹੈ । ਪੂਰਾ ਪਾਇਆ—(ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ । ਨਾਨਕ—ਹੇ ਨਾਨਕ ! ਗਾਉ—(ਤੂੰ ਭੀ) ਗਾ ।

ਅਰਥ :—
(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ।੧।


ਅਸਟਪਦੀ ॥
ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥
ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥ ਸਾਧ ਸੰਗਿ ਅਗਨਿ ਸਾਗਰੁ ਤਰਹੁ ॥
ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ ੨੯੫}


ਪਦ ਅਰਥ :—
ਨਿਕਟਿ—ਨੇੜੇ । ਕਰਿ—ਕਰ ਕੇ । ਪੇਖੁ—ਵੇਖ । ਮਨ ਅੰਤਰ ਕੀ—ਮਨ ਦੇ ਅੰਦਰ ਦੀ । ਚਿੰਦ—ਚਿੰਤਾ । ਅਨਿਤ—ਨਾਹ ਨਿੱਤ ਰਹਿਣ ਵਾਲੀਆਂ । ਤਰੰਗ—ਲਹਿਰਾਂ । ਮਨ—ਹੇ ਮਨ ! ਆਪੁ ਛੋਡਿ—ਆਪਣਾ ਆਪ ਛੱਡ ਕੇ । ਅਗਨਿ ਸਾਗਰੁ—(ਵਿਕਾਰਾਂ ਦੀ) ਅੱਗ ਦਾ ਸਮੁੰਦਰ । ਭੰਡਾਰ—ਖ਼ਜ਼ਾਨੇ ।


ਅਰਥ :—
(ਹੇ ਮਨ !) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ ।

(ਹੇ ਭਾਈ !) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ ।

ਹੇ ਮਨ ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ ।

(ਹੇ ਭਾਈ !) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ।

ਹੇ ਨਾਨਕ ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ ।੧।


ਖੇਮ ਕੁਸਲ ਸਹਜ ਆਨੰਦ ॥ ਸਾਧ ਸੰਗਿ ਭਜੁ ਪਰਮਾਨੰਦ ॥
ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥
ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥
ਸਿਮਰਿ ਸਿਮਰਿ ਨਾਮੁ ਬਾਰੰਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥੨॥ {ਪੰਨਾ ੨੯੫}


ਪਦ ਅਰਥ :—
ਖੇਮ—ਅਟੱਲ ਸੁਖ । ਕੁਸਲ—ਸੁਖਸਾਂਦ, ਸੌਖਾ ਜੀਵਨ । ਸਹਜ—ਆਤਮਕ ਅਡੋਲਤਾ । ਨਿਵਾਰਿ—ਹਟਾ ਕੇ । ਉਧਾਰਹੁ—ਬਚਾ ਲੈ । ਜੀਉ—ਜਿੰਦ । ਚਿਤਿ—ਚਿਤ ਵਿਚ । ਚਿਤਵਹੁ—ਸੋਚੋ । ਦੁਖ ਭੰਜਨ—ਦੁਖਾਂ ਦਾ ਨਾਸ ਕਰਨ ਵਾਲਾ । ਜੀਅ ਕਾ—ਜਿੰਦ ਦਾ । ਅਧਾਰ—ਆਸਰਾ ।


ਅਰਥ :—
(ਹੇ ਭਾਈ !) ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ, (ਇਸ ਤਰ੍ਹਾਂ) ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;

ਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ, (ਇਸ ਤਰ੍ਹਾਂ) ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ;

ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ, ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ ।

ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;

ਹੇ ਨਾਨਕ ! ਉਸ ਦਾ ਨਾਮ ਮੁੜ ਮੁੜ ਯਾਦ ਕਰ, ਜਿੰਦ ਦਾ ਆਸਰਾ ਇਹ ਨਾਮ ਹੀ ਹੈ ।੨।


ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥
ਸੁਨਤ ਕਮਾਵਤ ਹੋਤ ਉਧਾਰ ॥ ਆਪਿ ਤਰੈ ਲੋਕਹ ਨਿਸਤਾਰ ॥
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥
ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਨਾਨਕ ਉਧਰੇ ਤਿਨ ਕੈ ਸਾਥੇ ॥੩॥ {ਪੰਨਾ ੨੯੫}


ਪਦ ਅਰਥ :—
ਸਲੋਕ—ਸਿਫ਼ਤਿ-ਸਾਲਾਹ ਹੀ ਬਾਣੀ । ਏਹਿ—ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ । ਅਮੁਲੀਕ—ਅਮੋਲਕ । ਲੋਕਹ ਨਿਸਤਾਰ—ਲੋਕਾਂ ਦਾ ਨਿਸਤਾਰਾ । ਸਫਲ—ਪੂਰੀਆਂ ਮੁਰਾਦਾਂ ਵਾਲਾ । ਹਰਿ ਰੰਗੁ—ਪ੍ਰਭੂ ਦਾ ਪਿਆਰ । ਜੈ ਜੈ ਸਬਦੁ—ਫ਼ਤਹ ਦੀ ਆਵਾਜ਼, ਚੜ੍ਹਦੀ ਕਲਾ ਦੀ ਰੌ । ਅਨਾਹਦੁ—ਇਕ-ਰਸ, ਸਦਾ । ਗਾਜੈ—ਗੱਜਦਾ ਹੈ, ਨੂਰ ਪਰਗਟ ਕਰਦਾ ਹੈ । ਮਹਾਂਤ—ਉੱਚੀ ਕਰਣੀ ਵਾਲਾ ਮਨੁੱਖ ।

ਅਰਥ :—
ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤਿ-ਸਾਲਾਹ ਦੀ ਬਾਣੀ ਹਨ, ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ;

(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ, (ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ ।

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ, ਉਸ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;

(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ ।

ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ, ਹੇ ਨਾਨਕ ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ।੩।


ਸਰਨਿ ਜੋਗੁ ਸੁਨਿ ਸਰਨੀ ਆਏ ॥ ਕਰਿ ਕਿਰਪਾ ਪ੍ਰਭ ਆਪ ਮਿਲਾਏ ॥
ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧ ਸੰਗਿ ਲੈਨ ॥
ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥
ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥੪॥ {ਪੰਨਾ ੨੯੫}


ਪਦ ਅਰਥ :—
ਸਰਨਿ—ਦਰ ਢੱਠੇ ਦੀ ਰਾਖੀ ਕਰਨ ਜੋਗਾ । ਜੋਗੁ—ਸਮਰੱਥ । ਪ੍ਰਭ—ਹੇ ਪ੍ਰਭੂ ! ਸਭ ਰੇਨ—ਸਭ ਦੇ ਪੈਰਾਂ ਦੀ ਖ਼ਾਕ । ਆਲ ਜੰਜਾਲ—ਘਰ ਦੇ ਧੰਧੇ । ਬਿਕਾਰ ਤੇ—ਵਿਕਾਰਾਂ ਤੋਂ । ਰਹਤੇ—ਬਚ ਗਏ ਹਾਂ । ਰਸਨਾ—ਜੀਭ ਨਾਲ । ਪ੍ਰਭਿ—ਪ੍ਰਭੂ ਨੇ । ਖੇਪ—ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ । ਨਿਬਹੀ—ਕਬੂਲ ਹੋ ਗਈ ਹੈ ।

ਅਰਥ :—
ਹੇ ਪ੍ਰਭੂ ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀ ਤੇਰੇ ਦਰ ਤੇ ਆਏ ਸਾਂ, ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ;

(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ (ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ ।

ਗੁਰਦੇਵ ਜੀ (ਸਾਡੇ ਉਤੇ) ਤੁੱ੍ਰਠ ਪਏ ਹਨ, ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ;

(ਅਸੀ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ, ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ ।

ਹੇ ਨਾਨਕ ! ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ, ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ।੪।


ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥
ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥੫॥ {ਪੰਨਾ ੨੯੫}


ਪਦ ਅਰਥ :—
ਸਾਵਧਾਨ—ਅਵਧਾਨ ਸਹਿਤ, ਧਿਆਨ ਨਾਲ । ਏਕਾਗਰ—ਇਕ ਨਿਸ਼ਾਨੇ ਤੇ ਟਿਕਿਆ ਹੋਇਆ । ਸਹਜ—ਅਡੋਲ ਅਵਸਥਾ । ਗੋਬਿੰਦ ਗੁਨ—ਪ੍ਰਭੂ ਦੇ ਗੁਣ । ਨਿਧਾਨ—(ਗੁਣਾਂ ਦਾ) ਖ਼ਜ਼ਾਨਾ । ਪ੍ਰਧਾਨ—ਸਭ ਤੋਂ ਵੱਡਾ, ਤੁਰਨੇ-ਸਿਰ । ਲੋਇ—ਲੋਕਿ, ਲੋਕ ਵਿਚ, ਜਗਤ ਵਿਚ । ਪ੍ਰਗਟੁ—ਪ੍ਰਸਿੱਧ, ਉੱਘਾ । ਆਵਨ ਜਾਨੁ—ਆਉਣਾ ਜਾਣਾ, ਜੰਮਣਾ ਮਰਨਾ । ਜਿਸਹਿ—ਜਿਸ ਨੂੰ । ਪਰਾਪਤਿ ਹੋਇ—ਮਿਲਦਾ ਹੈ, ਦਾਤਿ ਹੁੰਦੀ ਹੈ ।


ਅਰਥ :—
ਹੇ ਸੰਤ ਮਿਤ੍ਰ ! ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰੋ ।

ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ, ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ;

ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ, ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ;

ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ, ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ ।

ਹੇ ਨਾਨਕ ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤਿ ਮਿਲਦੀ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ ।੫।
ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥
ਸੁੰਦਰ ਚਤੁਰੁ ਤਤ ਕਾ ਬੇਤਾ ॥ ਸਮ ਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ {ਪੰਨਾ ੨੯੬}


ਪਦ ਅਰਥ :—
ਖੇਮ—ਅਟੱਲ ਸੁਖ । ਸਾਂਤਿ—ਮਨ ਦਾ ਟਿਕਾਉ । ਰਿਧਿ—ਜੋਗ ਦੀਆਂ ਤਾਕਤਾਂ । ਨਵ ਨਿਧਿ—ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ । ਸਿਧਿ—ਕਰਾਮਾਤਾਂ । ਤਹ—ਓਥੇ, ਉਸ ਮਨੁੱਖ ਵਿਚ । ਕਮਲ ਪ੍ਰਗਾਸ—ਹਿਰਦੇ ਰੂਪ ਕਉਲ ਫੁੱਲ ਦਾ ਖੇੜਾ । ਸਭ ਕੈ...ਉਦਾਸ—ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ । ਤਤ ਕਾ ਬੇਤਾ—ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ । ਸਮਦਰਸੀ—(ਸਭ ਨੂੰ) ਇਕੋ ਜਿਹਾ ਵੇਖਣ ਵਾਲਾ । ਇਹ ਫਲ—ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ) । ਮੁਖਿ—ਮੂੰਹ ਤੋਂ । ਭਨੇ—ਉਚਾਰਿਆਂ ।


ਅਰਥ :—
ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ, ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);

ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ, ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;

(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ; ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;

ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ, ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;

ਇਹ ਸਾਰੇ ਫਲ; ਹੇ ਨਾਨਕ ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ; ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ।੬।


ਇਹੁ ਨਿਧਾਨੁ ਜਪੈ ਮਨਿ ਕੋਇ ॥ ਸਭ ਜੁਗ ਮਹਿ ਤਾ ਕੀ ਗਤਿ ਹੋਇ ॥
ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
ਸਗਲ ਮਤਾਂਤ ਕੇਵਲ ਹਰਿ ਨਾਮ ॥ ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
ਕੋਟਿ ਅਪ੍ਰਾਧ ਸਾਧ ਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ਸਾਧ ਸਰਣਿ ਨਾਨਕ ਤੇ ਆਏ ॥੭॥ {ਪੰਨਾ ੨੯੬}


ਪਦ ਅਰਥ :—
ਜੁਗ—ਜ਼ਿੰਦਗੀ ਦਾ ਸਮਾ । ਗਤਿ—ਉੱਚੀ ਅਵਸਥਾ । ਬਾਣੀ—(ਨਾਮ ਜਪਣ ਵਾਲੇ ਦੀ) ਬਾਣੀ, ਬਚਨ । ਗੁਣ ਗੋਬਿੰਦ—ਗੋਬਿੰਦ ਦੇ ਗੁਣ । ਨਾਮ ਧੁਨਿ—ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ । ਬਖਾਣੀ—ਕਹੀ ਹੈ । ਮਤਾਂਤ—ਮਤਾਂ ਦਾ ਅੰਤ, ਮਤਾਂ ਦਾ ਸਿੱਟਾ । ਕਰਮ—ਬਖ਼ਸ਼ਸ਼ । ਪ੍ਰਭਿ—ਪ੍ਰਭੂ ਨੇ । ਕੋਇ—ਜੇ ਕੋਈ ਮਨੁੱਖ ।

ਅਰਥ :—
ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ, ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ;

ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ, ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ ।

ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ, ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ ।

(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ ।

(ਪਰ) ਹੇ ਨਾਨਕ ! ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ, ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ।੭।


ਜਿਸੁ ਮਨਿ ਬਸੈ ਸੁਨੇ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥
ਦੂਖ ਰੋਗ ਬਿਨਸੈ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥
ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ {ਪੰਨਾ ੨੯੬}


ਪਦ ਅਰਥ :—
ਤਤਕਾਲ—ਉਸ ਵੇਲੇ । ਤਾ ਕੀ ਬਾਨੀ—ਉਸ ਮਨੁੱਖ ਦੇ ਬਚਨ । ਕਰਮ—ਕੰਮ । ਇਹ ਗੁਣਿ—ਇਸ ਗੁਣ ਦੇ ਕਾਰਣ । ਸੁਖਮਨੀ—ਸੁਖਾਂ ਦੀ ਮਣੀ । ਦੇਹ—ਸਰੀਰ ।


ਅਰਥ :—
ਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ, ਉਸ ਨੂੰ ਪ੍ਰਭੂ ਚੇਤੇ ਆਉਦਾ ਹੈ;

ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ, ਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ;

ਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ, (ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ;

ਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ, ਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ;

ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ । ਹੇ ਨਾਨਕ ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ।੮।੨੪।

Sukhmani Sahib (21-22)




ਸਲੋਕੁ ॥
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ {ਪੰਨਾ ੨੯੦}


ਪਦ ਅਰਥ :—
ਸਰਗੁਨ—ਤ੍ਰਿਗੁਣੀ ਮਾਇਆ ਦਾ ਰੂਪ । ਨਿਰਗੁਨ—ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ । ਨਿਰੰਕਾਰ—ਆਕਾਰ-ਰਹਿਤ । ਸੁੰਨ—ਸੁੰਞ, ਜਿਥੇ ਕੁਝ ਨਾਹ ਹੋਵੇ । ਸੁੰਨ ਸਮਾਧੀ—ਟਿਕਾਉ ਦੀ ਉਹ ਅਵਸਥਾ ਜਿਥੇ ਸੁੰਞ ਹੋਵੇ, ਕੋਈ ਫੁਰਨਾ ਨਾਹ ਉਠੇ । ਕੀਆ—ਪੈਦਾ ਕੀਤਾ ਹੋਇਆ । ਜਾਪਿ—ਜਾਪੈ, ਜਪ ਰਿਹਾ ਹੈ, ਯਾਦ ਕਰ ਰਿਹਾ ਹੈ ।

ਅਰਥ :—
ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ । ਹੇ ਨਾਨਕ ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ।੧।


ਅਸਟਪਦੀ ॥
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥
ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
ਜਬ ਆਪਨ ਆਪ ਆਪਿ ਪਾਰਬ੍ਰਹਮ ॥ ਤਬ ਮੋਹ ਕਹਾ ਕਿਸੁ ਹੋਵਤ ਭਰਮ ॥
ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ ॥੧॥ {ਪੰਨਾ ੨੯੦-੨੯੧}


ਪਦ ਅਰਥ :—
ਅਕਾਰੁ—ਸਰੂਪ, ਸ਼ਕਲ । ਦ੍ਰਿਸਟੇਤਾ—ਦਿੱਸਦਾ । ਕਹ ਤੇ—ਕਿਸ (ਜੀਵ) ਤੋਂ ? ਕਿਸੁ ਸੰਗਿ—ਕਿਸ ਦੇ ਨਾਲ ? ਬਰਨੁ—ਵਰਣ, ਰੰਗ । ਚਿਹਨੁ—ਨਿਸ਼ਾਨ । ਨ ਜਾਪਤ—ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ । ਹਰਖ—ਖ਼ੁਸ਼ੀ । ਸੋਗ—ਚਿੰਤਾ । ਬਿਆਪਤ—ਪੋਹ ਸਕਦਾ ਸੀ । ਵਰਤੀਜਾ—ਵਰਤਾਇਆ ।

ਅਰਥ :—
ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ, ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ ?

ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ) ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ ?

ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ, ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ ?

ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ, ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ ?

ਹੇ ਨਾਨਕ ! (ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ, (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ।੧।

ਜਬ ਹੋਵਤ ਪ੍ਰਭ ਕੇਵਲ ਧਨੀ ॥ ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
ਜਬ ਏਕਹਿ ਹਰਿ ਅਗਮ ਅਪਾਰ ॥ ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥ ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥ ਤਬ ਕਵਨ ਨਿਡਰੁ ਕਵਨ ਕਤ ਡਰੈ ॥
ਆਪਨ ਚਲਿਤ ਆਪਿ ਕਰਨੈਹਾਰ ॥ ਨਾਨਕ ਠਾਕੁਰ ਅਗਮ ਅਪਾਰ ॥੨॥ {ਪੰਨਾ ੨੯੧}


ਪਦ ਅਰਥ :—
ਧਨੀ—ਮਾਲਕ । ਬੰਧ—(ਮਾਇਆ ਦੇ) ਬੰਧਨ । ਮੁਕਤਿ—ਮਾਇਆ ਤੋਂ ਖ਼ਲਾਸੀ । ਗਨੀ—ਸਮਝੀਏ । ਅਗਮ—ਜਿਸ ਤਕ ਪਹੁੰਚ ਨ ਹੋ ਸਕੇ । ਅਪਾਰ—ਬੇਅੰਤ । ਅਉਤਾਰ—ਜਨਮ ਲੈਣ ਵਾਲੇ, ਉਤਰਨ ਵਾਲੇ । ਸਿਵ—ਜੀਵਾਤਮਾ । ਸਕਤਿ—ਮਾਇਆ । ਕਿਤੁ ਠਾਇ—ਕਿਥੇ ? ਚਲਿਤ—ਤਮਾਸ਼ੇ ।


ਅਰਥ :—
ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ, ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ ?

ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ, ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ ?

ਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ) ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ ?

ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ, ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ ?

ਹੇ ਨਾਨਕ ! ਅਕਾਲ ਪੁਰਖ ਅਗਮ ਤੇ ਬੇਅੰਤ ਹੈ; ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ।੨।


ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
ਜਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥ {ਪੰਨਾ ੨੯੧}


ਪਦ ਅਰਥ :—
ਆਸਨ—ਤਖ਼ਤ, ਸਰੂਪ । ਤਹ—ਓਥੇ । ਤ੍ਰਾਸ—ਡਰ । ਜਮ - ਮੌਤ । ਅਬਿਗਤ—ਅਦ੍ਰਿਸ਼ਟ ਪ੍ਰਭੂ । ਅਗੋਚਰ—ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ । ਚਿਤ੍ਰ ਗੁਪਤ—ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ । ਅਗਾਧ—ਅਥਾਹ । ਅਚਰਜਾ—ਹੈਰਾਨ ਕਰਨ ਵਾਲਾ । ਉਪਰਜਾ—ਪੈਦਾ ਕੀਤਾ ਹੈ ।

ਅਰਥ :—
ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ, ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ ?

ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ, ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ ?

ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ ?

ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ, ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ ?

ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ । ਹੇ ਨਾਨਕ ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ।੩।


ਜਹ ਨਿਰਮਲ ਪੁਰਖੁ ਪੁਰਖਪਤਿ ਹੋਤਾ ॥ ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
ਜਹ ਨਿਰੰਜਨ ਨਿਰੰਕਾਰ ਨਿਰਬਾਨ ॥ ਤਹ ਕਉਨ ਕਉ ਮਾਨ ਕਉਨ ਅਭਿਮਾਨ ॥
ਜਹ ਸਰੂਪ ਕੇਵਲ ਜਗਦੀਸ ॥ ਤਹ ਛਲ ਛਿਦ੍ਰ ਲਗਤ ਕਹੁ ਕੀਸ ॥
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
ਕਰਨ ਕਰਾਵਨ ਕਰਨੈਹਾਰੁ ॥ ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥ {ਪੰਨਾ ੨੯੧}


ਪਦ ਅਰਥ :—
ਪੁਰਖੁ—ਆਕਾਲ ਪੁਰਖ । ਪੁਰਖਪਤਿ—ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ । ਨਿਰਬਾਨ—ਵਾਸ਼ਨਾ-ਰਹਿਤ । ਜਗਦੀਸ—ਜਗਤ ਦਾ (ਈਸ਼) ਮਾਲਕ । ਛਲ—ਧੋਖਾ । ਛਿਦ੍ਰ—ਐਬ । ਕੀਸ—ਕਿਸ ਨੂੰ ? ਤ੍ਰਿਪਤਾਵੈ—ਰੱਜਦਾ ਹੈ । ਸੁਮਾਰੁ—ਅੰਦਾਜ਼ਾ ।


ਅਰਥ :—
ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ ?

ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ, ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ ?

ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ ?

ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ, ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ ?

ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ । ਹੇ ਨਾਨਕ ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ।੪।


ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
ਜਹ ਸਰਬ ਕਲਾ ਆਪਹਿ ਪਰਬੀਨ ॥ ਤਹ ਬੇਦ ਕਤੇਬ ਕਹਾ ਕੋਊ ਚੀਨ ॥
ਜਬ ਆਪਨ ਆਪੁ ਆਪਿ ਉਰਿਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥
ਜਹ ਆਪਨ ਊਚ ਆਪਨ ਆਪਿ ਨੇਰਾ ॥ ਤਹ ਕਉਨੁ ਠਾਕੁਰੁ ਕਉਨੁ ਕਹੀਐ ਚੇਰਾ ॥
ਬਿਸਮਨ ਬਿਸਮ ਰਹੇ ਬਿਸਮਾਦ ॥ ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥ {ਪੰਨਾ ੨੯੧}


ਪਦ ਅਰਥ :—
ਸੁਤ—ਪੁਤ੍ਰ । ਭਾਈ—ਭਰਾ । ਕਲਾ—ਤਾਕਤ । ਪਰਬੀਨ—ਸਿਆਣਾ । ਚੀਨ@—ਜਾਣਦਾ, ਪਛਾਣਦਾ । ਆਪਨ ਆਪੁ—ਆਪਣੇ ਆਪ ਨੂੰ । ਉਰਿਧਾਰੈ—ਹਿਰਦੇ ਵਿਚ ਟਿਕਾਉਂਦਾ ਹੈ । ਠਾਕੁਰੁ—ਮਾਲਕ । ਚੇਰਾ—ਸੇਵਕ । ਕਹਾ ਬੀਚਾਰੈ—ਕਿਥੇ ਕੋਈ ਵਿਚਾਰਦਾ ਹੈ ? ਬਿਸਮਨ ਬਿਸਮ—ਅਚਰਜ ਤੋਂ ਅਚਰਜ ।

ਅਰਥ :—
ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ) ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ ?

ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ, ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ ?

ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ, ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ ? ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ?

ਹੇ ਨਾਨਕ ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ—ਹੇ ਪ੍ਰਭੂ !) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ, ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ ।੫।


ਜਹ ਅਛਲ ਅਛੇਦ ਅਭੇਦ ਸਮਾਇਆ ॥ ਊਹਾ ਕਿਸਹਿ ਬਿਆਪਤ ਮਾਇਆ ॥
ਆਪਸ ਕਉ ਆਪਹਿ ਆਦੇਸੁ ॥ ਤਿਹੁ ਗੁਣ ਕਾ ਨਾਹੀ ਪਰਵੇਸੁ ॥
ਜਹ ਏਕਹਿ ਏਕ ਏਕ ਭਗਵੰਤਾ ॥ ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
ਜਹ ਆਪਨ ਆਪੁ ਆਪਿ ਪਤੀਆਰਾ ॥ ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
ਬਹੁ ਬੇਅੰਤ ਊਚ ਤੇ ਊਚਾ ॥ ਨਾਨਕ ਆਪਸ ਕਉ ਆਪਹਿ ਪਹੂਚਾ ॥੬॥ {ਪੰਨਾ ੨੯੧}


ਪਦ ਅਰਥ :—
ਅਛਲ—ਜੋ ਛਲਿਆ ਨਾ ਜਾ ਸਕੇ, ਜਿਸ ਨੂੰ ਧੋਖਾ ਨਾਹ ਦਿੱਤਾ ਜਾ ਸਕੇ । ਅਛੇਦ—ਜੋ ਛੇਦਿਆ ਨਾ ਜਾ ਸਕੇ, ਨਾਸ-ਰਹਿਤ । ਅਭੇਦ—ਜਿਸ ਦਾ ਭੇਤ ਨ ਪਾਇਆ ਜਾ ਸਕੇ । ਊਹਾ—ਓਥੇ । ਕਿਸਹਿ—ਕਿਸ ਨੂੰ ? ਆਪਸ ਕਉ—ਆਪਣੇ ਆਪ ਨੂੰ । ਆਪਹਿ—ਆਪ ਹੀ । ਆਦੇਸੁ—ਨਮਸਕਾਰ, ਪ੍ਰਣਾਮ । ਪਰਵੇਸੁ—ਦਖ਼ਲ, ਪ੍ਰਭਾਵ । ਅਚਿੰਤੁ—ਬੇ-ਫ਼ਿਕਰ । ਆਪਨ ਆਪੁ—ਆਪਣੇ ਆਪ ਨੂੰ । ਪਤੀਆਰਾ—ਪਤਿਆਉਣ ਵਾਲਾ । ਪਹੂਚਾ—ਪਹੁੰਚਿਆ ਹੋਇਆ ਹੈ ।

ਅਰਥ :—
ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ, ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ ?

(ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ, (ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ ।

ਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ, ਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ।

ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ, ਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ ?

ਹੇ ਨਾਨਕ ! ਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ, ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ ।੬।


ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥
ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥
ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ´ਾਨ ॥
ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥ {ਪੰਨਾ ੨੯੨}


ਪਦ ਅਰਥ :—
ਪਰਪੰਚੁ—ਦ੍ਰਿਸ਼ਟਮਾਨ ਸੰਸਾਰ । ਬਿਸਥਾਰੁ—ਪਸਾਰਾ । ਕਹਾਵਤ—ਗੱਲ । ਬੰਛਾਵਤ—ਚਾਹੁਣ ਵਾਲਾ । ਆਲ ਜਾਲ—ਘਰਾਂ ਦਾ ਬੰਧਨ । ਮਾਨ—ਆਦਰ । ਅਪਮਾਨ—ਨਿਰਾਦਰੀ । ਕੀਓ ਬਖ´ਾਨ—ਦੱਸੇ ਗਏ । ਸੰਕੋਚੈ—ਇਕੱਠਾ ਕਰਦਾ ਹੈ, ਸਮੇਟਦਾ ਹੈ ।

ਅਰਥ :—
ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ, ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ;

ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ, ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ;

ਘਰਾਂ ਦੇ ਧੰਧੇ, ਮਾਇਆ ਦੇ ਬੰਧਨ, ਅਹੰਕਾਰ, ਮੋਹ, ਭੁਲੇਖੇ, ਡਰ, ਦੁੱਖ, ਸੁਖ, ਆਦਰ ਨਿਰਾਦਰੀ—ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ ।

ਹੇ ਨਾਨਕ ! ਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ । ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ ।੭।


ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ ਉਨਹੂ ਬਨੀ ॥
ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸੁ ਬੋਲੈ ॥੮॥੨੧॥ {ਪੰਨਾ ੨੯੨}


ਪਦ ਅਰਥ :—
ਅਬਿਗਤੁ—ਅਦ੍ਰਿਸ਼ਟ ਪ੍ਰਭੂ । ਸੰਤ ਪਰਤਾਪਿ—ਸੰਤਾਂ ਦੇ ਪਰਤਾਪ ਵਾਸਤੇ, ਸੰਤਾਂ ਦੀ ਮਹਿਮਾ ਵਧਾਉਣ ਲਈ । ਧਨੀ—ਮਾਲਕ । ਦੁਹੂ ਪਾਖ ਕਾ—(ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਰੂਪ) ਦੋਹਾਂ ਪਾਸਿਆਂ ਦਾ । ਬਨੀ—ਫਬਦੀ ਹੈ । ਨਿਰਜੋਗ—ਨਿਰਲੇਪ । ਆਪਨ ਨਾਇ—ਆਪਣੇ ਨਾਮ ਵਿਚ । ਖੇਲ—ਮਾਇਆ ਦੀਆਂ ਖੇਡਾਂ ਵਿਚ । ਬੇਸੁਮਾਰ—ਹੇ ਬੇਅੰਤ !


ਅਰਥ :—
ਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ । ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ ।

ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ, (ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ—ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ।

ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ, ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ ।

ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ, ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ ।

ਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਹੇ ਬੇਅੰਤ ! ਹੇ ਅਥਾਹ ! ਹੇ ਅਗਣਤ ! ਹੇ ਅਡੋਲ ਪ੍ਰਭੂ ! ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ।੮।੨੧।


ਨੋਟ :—ਇਸ ਅਸ਼ਟਪਦੀ ਵਿਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ । ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ । ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ, ਨਾ ਹੀ ਮਾਇਆ ਸੀ । ਤਦੋਂ ਕਰਮਾਂ ਦਾ ਭੀ ਅਭਾਵ ਸੀ । ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ । ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿਚ ਆ ਗਿਆ ।


ਸਲੋਕੁ ॥
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥ {ਪੰਨਾ ੨੯੨}


ਪਦ ਅਰਥ :—
ਵਰਤਣਹਾਰ—ਸਭ ਥਾਈਂ ਮੌਜੂਦ । ਪਸਰਿਆ—ਸਭ ਥਾਈਂ ਹਾਜ਼ਰ ਹੈਂ । ਕਹੁ—ਕਿਥੇ ? ਦ੍ਰਿਸਟਾਰ—ਵੇਖਣ ਵਿਚ ਆਉਂਦਾ ਹੈ ।

ਅਰਥ :—
ਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ । ਹੇ ਨਾਨਕ ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ ? ।੧।


ਅਸਟਪਦੀ ॥
ਆਪਿ ਕਥੈ ਆਪਿ ਸੁਨਨੈਹਾਰੁ ॥ ਆਪਹਿ ਏਕੁ ਆਪਿ ਬਿਸਥਾਰੁ ॥
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਨੈ ਭਾਣੈ ਲਏ ਸਮਾਏ ॥
ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਆਪਨ ਸੂਤਿ ਸਭੁ ਜਗਤੁ ਪਰੋਇ ॥
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ ਸਚੁ ਨਾਮੁ ਸੋਈ ਜਨੁ ਪਾਏ ॥
ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥ {ਪੰਨਾ ੨੯੨}


ਪਦ ਅਰਥ :—
ਕਥੈ—ਬੋਲਦਾ ਹੈ । ਸੁਨਨੈਹਾਰੁ—ਸੁਣਨ ਵਾਲਾ । ਆਪਹਿ—ਆਪ ਹੀ । ਬਿਸਥਾਰੁ—ਖਿਲਾਰਾ, ਪਸਾਰਾ । ਉਪਾਏ—ਪੈਦਾ ਕਰਦਾ ਹੈ । ਲਏ ਸਮਾਏ—ਸਮੇਟ ਲੈਂਦਾ ਹੈ । ਭਿੰਨ—ਵੱਖਰਾ । ਸੂਤਿ—ਧਾਗੇ ਵਿਚ । ਬੁਝਾਏ—ਸੂਝ ਦੇਂਦਾ ਹੈ । ਸਮਦਰਸੀ—ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ । ਜੇਤਾ—ਜਿੱਤਣ ਵਾਲਾ । ਤਤ—ਅਸਲੀਅਤ । ਬੇਤਾ—ਜਾਣਨ ਵਾਲਾ ।

ਅਰਥ :—
(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ, ਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ ।

(ਹੇ ਪ੍ਰਭੂ !) ਤੈਥੋਂ ਵੱਖਰਾ ਕੁਝ ਨਹੀਂ ਹੈ, ਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ ।

ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ, ਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ ।

ਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ । ਹੇ ਨਾਨਕ ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ।੧।


ਜੀਅ ਜੰਤ੍ਰ ਸਭ ਤਾ ਕੈ ਹਾਥ ॥ ਦੀਨ ਦਇਆਲ ਅਨਾਥ ਕੋ ਨਾਥੁ ॥
ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ ਸੋ ਮੂਆ ਜਿਸੁ ਮਨਹੁ ਬਿਸਾਰੈ ॥
ਤਿਸੁ ਤਜਿ ਅਵਰ ਕਹਾ ਕੋ ਜਾਇ ॥ ਸਭ ਸਿਰਿ ਏਕੁ ਨਿਰੰਜਨ ਰਾਇ ॥
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ ਅੰਤਰਿ ਬਾਹਰਿ ਜਾਨਹੁ ਸਾਥਿ ॥
ਗੁਨ ਨਿਧਾਨ ਬੇਅੰਤ ਅਪਾਰ ॥ ਨਾਨਕ ਦਾਸ ਸਦਾ ਬਲਿਹਾਰ ॥੧॥ {ਪੰਨਾ ੨੯੨}


ਪਦ ਅਰਥ :—
ਹਾਥ—ਵੱਸ ਵਿਚ । ਕੋ—ਦਾ । ਨਾਥੁ—ਮਾਲਕ । ਮਨਹੁ—ਮਨ ਤੋਂ । ਬਿਸਾਰੈ—ਭੁਲਾ ਦੇਂਦਾ ਹੈ । ਤਜਿ—ਛੱਡ ਕੇ । ਅਵਰ ਕਹਾ—ਹੋਰ ਕਿਥੇ ? ਕੋ—ਕੋਈ ਮਨੁੱਖ । ਸਭ ਸਿਰਿ—ਸਾਰਿਆਂ ਦੇ ਸਿਰ ਉਤੇ । ਨਿਰੰਜਨ ਰਾਇ—ਉਹ ਰਾਜਾ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।


ਅਰਥ :—
ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ, ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ ।

ਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ । ਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ ।

ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ ? ਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।

ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ, ਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ ।

ਹੇ ਨਾਨਕ ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ ।੨।


ਪੂਰਨ ਪੂਰਿ ਰਹੇ ਦਇਆਲ ॥ ਸਭ ਊਪਰਿ ਹੋਵਤ ਕਿਰਪਾਲ ॥
ਅਪਨੇ ਕਰਤਬ ਜਾਨੈ ਆਪਿ ॥ ਅੰਤਰਜਾਮੀ ਰਹਿਓ ਬਿਆਪਿ ॥
ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥ ਭਗਤਿ ਕਰਹਿ ਹਰਿ ਕੇ ਗੁਣ ਗਾਇ ॥
ਮਨ ਅੰਤਰਿ ਬਿਸ੍ਵਾਸੁ ਕਰ ਮਾਨਿਆ ॥ ਕਰਨਹਾਰੁ ਨਾਨਕ ਇਕੁ ਜਾਨਿਆ ॥੩॥ {ਪੰਨਾ ੨੯੨}


ਪਦ ਅਰਥ :—
ਪੂਰਿ ਰਹੇ—ਸਭ ਥਾਈਂ ਵਿਆਪਕ ਹਨ । ਅੰਤਰਜਾਮੀ—ਦਿਲ ਦੀ ਜਾਣਨ ਵਾਲਾ । ਜੀਅਨ—ਜੀਵਾਂ ਨੂੰ । ਬਹੁ ਭਾਤਿ—ਕਈ ਤਰੀਕਿਆਂ ਨਾਲ । ਬਿਸ੍ਵਾਸੁ—ਯਕੀਨ,ਸ਼ਰਧਾ ।

ਅਰਥ :—
ਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ, ਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ ।

ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ ।

ਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ, ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ ।

ਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ, (ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ ।

ਹੇ ਨਾਨਕ ! ਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ, ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ।੩।


ਜਨੁ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥
ਇਸ ਤੇ ਊਪਰਿ ਨਹੀ ਬੀਚਾਰੁ ॥ ਜਾ ਕੈ ਮਨਿ ਬਸਿਆ ਨਿਰੰਕਾਰੁ ॥
ਬੰਧਨ ਤੋਰਿ ਭਏ ਨਿਰਵੈਰ ॥ ਅਨਦਿਨੁ ਪੂਜਹਿ ਗੁਰ ਕੇ ਪੈਰ ॥
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥ {ਪੰਨਾ ੨੯੨}


ਪਦ ਅਰਥ :—
ਨਾਇ—ਨਾਮ ਵਿਚ । ਬੂਝਿ—ਸਮਝ ਕੇ । ਪਰਮ ਪਦੁ—ਉੱਚਾ ਦਰਜਾ । ਇਸ ਤੇ ਊਪਰਿ—ਇਸ ਤੋਂ ਉਤਾਂਹ, ਇਸ ਤੋਂ ਚੰਗੀ । ਜਾ ਕੇ ਮਨਿ—ਜਿਨ੍ਹਾਂ ਦੇ ਮਨ ਵਿਚ । ਆਪਹਿ—ਆਪ ਹੀ ।


ਅਰਥ :—
(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ, ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ ।

ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ । ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ ।

ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;

(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ;

ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ (ਕਿਉਂਕਿ) ਹੇ ਨਾਨਕ ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ।੪।


ਸਾਧ ਸੰਗਿ ਮਿਲਿ ਕਰਹੁ ਅਨੰਦ ॥ ਗੁਨ ਗਾਵਹੁ ਪ੍ਰਭ ਪਰਮਾਨੰਦ ॥
ਰਾਮ ਨਾਮ ਤਤੁ ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥
ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥
ਆਠ ਪਹਰ ਪ੍ਰਭ ਪੇਖਹੁ ਨੇਰਾ ॥ ਮਿਟੈ ਅਗਿਆਨੁ ਬਿਨਸੈ ਅੰਧੇਰਾ ॥
ਸੁਨਿ ਉਪਦੇਸੁ ਹਿਰਦੈ ਬਸਾਵਹੁ ॥ ਮਨ ਇਛੇ ਨਾਨਕ ਫਲ ਪਾਵਹੁ ॥੫॥ {ਪੰਨਾ ੨੯੩}


ਪਦ ਅਰਥ :—
ਅਨੰਦ—ਖ਼ੁਸ਼ੀਆਂ । ਪ੍ਰਭ ਗੁਨ—ਪ੍ਰਭੂ ਦੇ ਗੁਣ । ਪਰਮਾਨੰਦ—ਸਭ ਤੋਂ ਉਚੀ ਖ਼ੁਸ਼ੀ ਵਾਲਾ । ਉਧਾਰੁ—ਬਚਾਉ । ਸੁਆਉ—ਵਸੀਲਾ । ਤਰਨ—ਬਚਾਉਣਾ ।

ਅਰਥ :—
ਪਰਮ ਖ਼ੁਸ਼ੀਆਂ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, ਸਤਸੰਗ ਵਿਚ ਮਿਲ ਕੇ ਇਹ (ਆਤਮਕ) ਅਨੰਦ ਮਾਣਹੁ ।

ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰਹੁ ਤੇ ਇਸ (ਮਨੁੱਖਾ-) ਸਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ ।

ਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ, ਜ਼ਿੰਦਗੀ ਨੂੰ (ਵਿਕਾਰਾਂ ਤੋਂ) ਬਚਾਉਣ ਦਾ ਇਹੀ ਵਸੀਲਾ ਹੈ ।

ਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਹੁ (ਇਸ ਤਰ੍ਹਾਂ) ਅਗਿਆਨਤਾ ਮਿਟ ਜਾਏਗੀ ਤੇ (ਮਾਇਆ ਵਾਲਾ) ਹਨੇਰਾ ਨਾਸ ਹੋ ਜਾਏਗਾ ।

ਹੇ ਨਾਨਕ ! (ਸਤਿਗੁਰੂ ਦਾ) ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ (ਇਸ ਤਰ੍ਹਾਂ) ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ ।੫।


ਹਲਤੁ ਪਲਤੁ ਦੁਇ ਲੇਹੁ ਸਵਾਰਿ ॥ ਰਾਮ ਨਾਮੁ ਅੰਤਰਿ ਉਰਿ ਧਾਰਿ ॥
ਪੂਰੇ ਗੁਰ ਕੀ ਪੂਰੀ ਦੀਖਿਆ ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥ ਦੂਖੁ ਦਰਦੁ ਮਨ ਤੇ ਭਉ ਜਾਇ ॥
ਸਚੁ ਵਾਪਾਰੁ ਕਰਹੁ ਵਾਪਾਰੀ ॥ ਦਰਗਹ ਨਿਬਹੈ ਖੇਪ ਤੁਮਾਰੀ ॥
ਏਕਾ ਟੇਕ ਰਖਹੁ ਮਨ ਮਾਹਿ ॥ ਨਾਨਕ ਬਹੁਰਿ ਨ ਆਵਹਿ ਜਾਹਿ ॥੬॥ {ਪੰਨਾ ੨੯੩}


ਪਦ ਅਰਥ :—
ਹਲਤੁ—ਇਹ ਲੋਕ । ਪਲਤੁ—{ਸ਼ਕਟ. ਪਰਗ਼} ਪਰਲੋਕ । ਉਰਿ ਧਾਰਿ—ਹਿਰਦੇ ਵਿਚ ਟਿਕਾਓ । ਦੀਖਿਆ—ਸਿੱਖਿਆ । ਜਿਸੁ ਮਨਿ—ਜਿਸ (ਮਨੁੱਖ) ਦੇ ਮਨ ਵਿਚ । ਤਿਸੁ—ਉਸ ਨੂੰ । ਪਰੀਖਿਆ—ਪਰਖ, ਸਮਝ । ਵਾਪਾਰੀ—ਹੇ ਵਣਜਾਰੇ ਜੀਵ ! ਨਿਬਹੈ—ਸਿਰੇ ਚੜ੍ਹ ਜਾਏ । ਖੇਪ—ਸੌਦਾ । ਬਹੁਰਿ—ਫੇਰ, ਮੁੜ । ਸਾਚੁ—ਸਦਾ-ਥਿਰ ਰਹਿਣ ਵਾਲਾ ਪ੍ਰਭੂ ।

ਅਰਥ—
ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ, (ਇਸ ਤਰ੍ਹਾਂ) ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ ।

ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ, ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ ।

ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ, ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ;

ਹੇ ਵਣਜਾਰੇ ਜੀਵ ! ਸੱਚਾ ਵਣਜ ਕਰਹੁ, (ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ ।

ਹੇ ਨਾਨਕ ! ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ, ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ।੬।


ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥
ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥
ਚਿੰਤਾ ਜਾਇ ਮਿਟੈ ਅਹੰਕਾਰੁ ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥
ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥੭॥ {ਪੰਨਾ ੨੯੩}


ਪਦ ਅਰਥ :—
ਤਿਸ ਤੇ—ਉਸ ਪ੍ਰਭੂ ਤੋਂ । ਕਹਾ—ਕਿਥੇ ? ਉਬਰੈ—ਬਚਦਾ ਹੈ । ਨ ਪਹੁਚਨਹਾਰੁ—ਬਰਾਬਰੀ ਨਹੀਂ ਕਰ ਸਕਦਾ । ਠਾਢਾ—ਖਲੋਤਾ । ਸੂਰਾ—ਸੂਰਮਾ । ਤਾ ਕੈ—ਉਸ ਦੇ ਅੰਦਰ ।


ਅਰਥ :—
ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ ? ਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ ।

ਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ, (ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ ।

ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ;

(ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ, ਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ ।

ਹੇ ਨਾਨਕ ! ਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ, ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ।੭।


ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥ ਦਰਸਨੁ ਪੇਖਤ ਉਧਰਤ ਸ੍ਰਿਸਟਿ ॥
ਚਰਨ ਕਮਲ ਜਾ ਕੇ ਅਨੂਪ ॥ ਸਫਲ ਦਰਸਨੁ ਸੁੰਦਰ ਹਰਿ ਰੂਪ ॥
ਧੰਨੁ ਸੇਵਾ ਸੇਵਕੁ ਪਰਵਾਨੁ ॥ ਅੰਤਰਜਾਮੀ ਪੁਰਖੁ ਪ੍ਰਧਾਨੁ ॥
ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ ਨ ਆਵਤ ਕਾਲੁ ॥
ਅਮਰ ਭਏ ਅਮਰਾ ਪਦੁ ਪਾਇਆ ॥ ਸਾਧ ਸੰਗਿ ਨਾਨਕ ਹਰਿ ਧਿਆਇਆ ॥੮॥੨੨॥ {ਪੰਨਾ ੨੯੩}


ਪਦ ਅਰਥ :—
ਜਾ ਕੀ ਦ੍ਰਿਸਟਿ—ਜਿਸ ਦੀ ਨਜ਼ਰ ਵਿਚ । ਦਰਸਨੁ ਪੇਖਤ—ਦੀਦਾਰ ਕਰ ਕੇ । ਅਨੂਪ—ਲਾ-ਸਾਨੀ, ਬੇ-ਮਿਸਾਲ, ਅੱਤ ਸੋਹਣੇ । ਸਫਲ ਦਰਸਨੁ—ਜਿਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ । ਧੰਨੁ—ਮੁਬਾਰਿਕ । ਪਰਵਾਨੁ—ਕਬੂਲ । ਪ੍ਰਧਾਨੁ—ਸਭ ਤੋਂ ਵੱਡਾ । ਤਾ ਕੈ ਨਿਕਟਿ—ਉਸ ਦੇ ਨੇੜੇ । ਅਮਰਾ ਪਦੁ—ਸਦਾ ਕਾਇਮ ਰਹਿਣ ਵਾਲਾ ਦਰਜਾ ।


ਅਰਥ :—
ਜਿਸ ਪ੍ਰਭੂ ਦੀ ਸਮਝ ਪੂਰਨ (ਨਿਡaਲਲਬਿਲe, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ, ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ ।

ਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ, ਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ।

ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ, ਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ ।

ਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ, ਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ) ।

ਹੇ ਨਾਨਕ ! ਜਿਨ੍ਹਾਂ ਮਨੁੱਖਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ ॥੮॥੨੨॥